ਚੰਡੀਗੜ੍ਹ: ਪੰਜਾਬ 'ਚ ਇਨ੍ਹੀਂ ਦਿਨੀਂ ਡਰੱਗ ਮਾਮਲੇ ਨੂੰ ਲੈ ਕੇ ਸਿਆਸਤ ਕਾਫੀ ਭਖ ਗਈ ਹੈ। ਜਿੱਥੇ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਿੰਥੈਟਿਕ ਡਰੱਗਜ਼ ਮਾਮਲੇ 'ਚ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਐੱਫ.ਆਈ.ਆਰ. ਕੇਸ ਦਰਜ ਕੀਤਾ ਗਿਆ ਹੈ ਓਧਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਡਰੱਗ ਮਾਮਲੇ ਵਿੱਚ ਸੁਣਵਾਈਆਂ ਜਾਰੀ ਹਨ। ਇਸ ਮਾਮਲੇ 'ਚ ਪਿਛਲੇ 6 ਸਾਲਾਂ ਤੋਂ ਜੇਲ੍ਹ 'ਚ ਸਜ਼ਾ ਕੱਟ ਰਹੇ ਪਹਿਲਵਾਨ ਜਗਦੀਸ਼ ਭੋਲਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਹਾਈਕੋਰਟ ਵਿੱਚ ਜਗਦੀਸ਼ ਭੋਲਾ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੋਈ ਹੈ ਓਧਰ ਈਡੀ ਵੱਲੋਂ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ। ਈਡੀ ਮਾਮਲੇ ਵਿੱਚ ਭੋਲਾ 6 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਹਾਂਲਕਿ ਡਰੱਗ ਤਸਕਰ ਜਗਦੀਸ਼ ਭੋਲਾ ਨੂੰ ਵੱਖ ਵੱਖ 3 ਮਾਮਿਲਆਂ ਵਿੱਚ ਸਜ਼ਾ ਮਿਲ ਚੁੱਕੀ ਹੈ। ਜੇਕਰ ਈਡੀ ਮਾਮਲੇ ਵਿੱਚ ਭੋਲਾ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਵੀ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਇਸ ਮਾਮਲੇ ਵਿੱਚ ਇੱਕ ਜਾਂ ਦੋ ਦਿਨ ਵਿੱਚ ਫੈਸਲਾ ਆ ਸਕਦਾ ਹੈ।
ਦਰਅਸਲ ਜਗਦੀਸ਼ ਭੋਲਾ ਨੂੰ ਨਸ਼ਿਆਂ ਦਾ ਸੌਦਾਗਰ ਕਿਹਾ ਜਾਂਦਾ ਹੈ। ਆਪਣੀ ਗ੍ਰਿਫਤਾਰੀ ਦੌਰਾਨ ਪੇਸ਼ੀ ’ਤੇ ਆਏ ਜਗਦੀਸ਼ ਭੋਲਾ ਵੱਲੋਂ ਮੀਡੀਆ ਦੇ ਸਾਹਮਣੇ ਬਿਕਰਮ ਮਜੀਠੀਆ ਦਾ ਨਾਂ ਲਿਆ ਗਿਆ ਸੀ, ਜਿਸ ਤੋਂ ਬਾਅਦ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ਵਿੱਚ ਬਿਕਰਮ ਮਜੀਠੀਆ ਦਾ ਨਾਂ ਚਰਚਾ ਵਿੱਚ ਆਇਆ ਸੀ। ਜਗਦੀਸ਼ ਭੋਲਾ ਪੰਜਾਬ ਪੁਲਿਸ ਵਿੱਚ ਡੀਐਸਪੀ ਰਹਿ ਚੁੱਕੇ ਹਨ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਇਸ ਸਮੇਂ ਮਨੀ ਉਹ ਲਾਂਡਰਿੰਗ ਮਾਮਲੇ ਵਿੱਚ ਛੇ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਇਸ ਤੋਂ ਇਲਾਵਾ ਐਨਡੀਪੀਐਸ ਦੇ ਕਈ ਮਾਮਲਿਆਂ ਵਿੱਚ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਐਫਆਈਆਰ ਦਰਜ ਹੈ ਅਤੇ ਸਜ਼ਾ ਵੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜਗਦੀਸ਼ ਭੋਲਾ ਨੇ ਹੇਠਲੀ ਅਦਾਲਤ ਵਿੱਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿੱਥੋਂ ਪਟੀਸ਼ਨ ਖਾਰਜ ਹੋ ਗਈ ਸੀ, ਜਿਸ ਤੋਂ ਬਾਅਦ ਉਸ ਵੱਲੋਂ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ। ਫਿਲਹਾਲ ਹਾਈਕੋਰਟ ਨੇ ਉਸ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਇਹ ਵੀ ਪੜ੍ਹੋ: Bikram Majithia Drug Case: ਮਜੀਠੀਆ ਨੂੰ ਫੜ੍ਹਨ ਲਈ ਪੁਲਿਸ ਦੀ ਛਾਪੇਮਾਰੀ, ਦਿੱਤਾ ਚਕਮਾ !