ਚੰਡੀਗੜ੍ਹ: ਦਿੱਲੀ ਵਿਖੇ ਖੇਤੀਬਾੜੀ ਮੰਤਰਾਲੇ 'ਚ ਬੇਸਿੱਟਾ ਰਹੀ ਕਿਸਾਨ ਆਗੂਆਂ ਦੀ ਬੈਠਕ ਤੋਂ ਬਾਅਦ ਚੰਡੀਗੜ੍ਹ ਪਹੁੰਚੇ ਕਿਸਾਨਾਂ ਵੱਲੋਂ ਬੈਠਕ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਵੀਂ ਰਣਨੀਤੀ ਉਲੀਕੀ ਗਈ ਹੈ। ਉੱਥੇ ਹੀ ਕਾਂਗਰਸ ਦੇ ਤਿੰਨ ਕੈਬਿਨੇਟ ਮੰਤਰੀ ਵੀ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ।
ਬੈਠਕ ਖ਼ਤਮ ਹੋਣ ਤੋਂ ਬਾਅਦ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਬੀਜੇਪੀ ਡਿਸਕਸ ਨਹੀਂ ਕਰਨਾ ਚਾਹੁੰਦੀ। ਇਸ ਦੇ ਉਲਟ ਭਾਜਪਾ ਦੇ ਮੰਤਰੀ ਪੰਜਾਬ ਵਿੱਚ ਵਰਚੁਅਲ ਕਾਨਫਰੰਸ ਕਰਕੇ ਕਿਸਾਨਾਂ ਦੇ ਮੰਗਾਂ ਦੇ ਉਲਟ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਸਹੀ ਠਹਿਰਾ ਰਹੀ ਹੈ।
ਕਿਸਾਨ ਜਥੇਬੰਦੀਆਂ ਸੂਬੇ 'ਚ ਭਾਜਪਾ ਲੀਡਰਾਂ ਦੀ ਹੋਣ ਵਾਲੀਆਂ ਵਰਚੁਅਲ ਕਾਨਫ਼ਰੰਸਾਂ ਦਾ ਵਿਰੋਧ ਕਰਨਗੇ। 20 ਤਾਰੀਖ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਤੇ 17 ਤਾਰੀਖ ਨੂੰ ਸੂਬੇ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ।
ਇਸ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਵਪਾਰ ਨੂੰ ਸੱਟ ਮਾਰਨ ਲਈ ਸੂਬੇ ਭਰ ਵਿੱਚ ਅੰਦੋਲਨ ਤੇਜ਼ ਕੀਤਾ ਜਾਵੇ। ਰਿਲਾਇੰਸ ਅਡਾਨੀ ਗਰੁੱਪ ਤੇ ਹੁਣ ਪੈਪਸੀਕੋ ਦੇ ਖਿਲਾਫ਼ ਵੀ ਮੋਰਚਾ ਖੋਲ੍ਹਣ ਦੀ ਕਿਸਾਨ ਜਥੇਬੰਦੀਆਂ ਤਿਆਰੀਆਂ ਕਰ ਰਹੀਆਂ ਹਨ।
ਭਾਜਪਾ ਦੇ ਸਾਬਕਾ ਮੰਤਰੀਆਂ ਤੇ ਸਾਂਸਦਾਂ ਦੇ ਘਰ ਦੇ ਬਾਹਰ ਜਿੱਥੇ ਕਿਸਾਨ ਆਗੂ ਧਰਨੇ ਤੇਜ਼ ਕਰਨਗੇ ਤਾਂ ਉੱਥੇ ਹੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਸੱਦ ਲਿਆ ਗਿਆ ਹੈ ਤੇ ਕਿਸਾਨਾਂ ਵੱਲੋਂ ਕਾਂਗਰਸੀ ਮੰਤਰੀਆਂ ਦਾ ਬਾਈਕਾਟ ਸਸਪੈਂਡ ਕਰ ਦਿੱਤਾ ਹੈ।
ਡਾ. ਦਰਸ਼ਨ ਪਾਲ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਇਹ ਵੀ ਕਿਹਾ ਕਿ ਸੂਬੇ ਚ ਕੋਇਲਾ ਖ਼ਤਮ ਨਹੀਂ ਹੋਇਆ ਹੈ ਜਿਸ ਬਾਰੇ ਕੇਂਦਰ ਸਰਕਾਰ ਦੇ ਕੋਲ ਵਿਭਾਗ ਵੱਲੋਂ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਕੋਲੇ ਨਾਲ ਬਿਜਲੀ ਜ਼ਰੂਰਤ ਮੁਤਾਬਕ ਪਰਡਿਊਸ ਨਹੀਂ ਕੀਤੀ ਜਾਂਦੀ ਅਤੇ ਜ਼ਿਆਦਾਤਰ ਬਿਜਲੀ ਨੈਸ਼ਨਲ ਗਰਿੱਡ ਤੋਂ ਹੀ ਖ਼ਰੀਦੀ ਜਾਂਦੀ ਹੈ।
ਜੇਕਰ ਕਿਸੇ ਥਰਮਲ ਪਲਾਂਟ ਦੇ ਵਿੱਚ ਕੋਈ ਬਿਜਲੀ ਪੈਦਾ ਕਰਦੇ ਸਮੇਂ ਦਿੱਕਤ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਕੋਲਾ ਸੂਬੇ 'ਚ ਲਿਆਉਣ ਲਈ ਪੱਟੀਆਂ ਖੋਲ੍ਹਣ ਬਾਰੇ ਸੋਚ ਵਿਚਾਰ ਕਰ ਸਕਦੀ ਹੈ। ਜ਼ੂਮ ਐਪ ਰਾਹੀਂ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ 250 ਜਥੇਬੰਦੀਆਂ ਬੈਠਕ ਕਰਨਗੀਆਂ ਤਾਂ ਜੋ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਨਾਲ ਸੰਘਰਸ਼ ਬਾਰੇ ਤਾਲਮੇਲ ਬਿਠਾਇਆ ਜਾ ਸਕੇ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨ ਪਾਲ ਨੇ ਇਹ ਵੀ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਕਿਸਾਨਾਂ ਦੇ ਧਰਨਿਆਂ ਤੋਂ ਕਈ ਚੀਜ਼ਾਂ ਉੱਪਰ ਵੱਧ ਰਹੀ ਮਹਿੰਗਾਈ ਕਾਰਨ ਸਮੱਸਿਆ ਆਵੇਗੀ ਤਾਂ ਕਿਸਾਨ ਜਥੇਬੰਦੀਆਂ ਇਸ ਦਾ ਵੀ ਹੱਲ ਕੱਢ ਲੈਣਗੀਆਂ। ਹਾਲਾਂਕਿ ਸੜਕਾਂ ਰਾਹੀਂ ਬਹੁਤ ਸਾਰਾ ਸਾਮਾਨ ਸੂਬੇ ਵਿੱਚ ਆ ਰਿਹਾ ਹੈ।