ਚੰਡੀਗੜ੍ਹ :ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਕਿ ਡੀਐਸਪੀ ਵਰਿੰਦਰਪਾਲ ਦੀ ਮੌਤ ਕੋਵਿਡ-19 ਕਾਰਨ ਹੋਈ ਹੈ।
ਇਸ ਸਬੰਧੀ ਡੀਜੀਪੀ ਨੇ ਟਵੀਟ ਕੀਤਾ “ਸਾਨੂੰ ਸਭ ਨੂੰ ਸਾਡੇ ਸਾਥੀ ਕਰਮਚਾਰੀ ਵਰਿੰਦਰਪਾਲ ਸਿੰਘ, ਡੀਐਸਪੀ ਸ਼ਾਹਕੋਟ ਦੀ ਮੌਤ 'ਤੇ ਬਹੁਤ ਦੁੱਖ ਹੋਇਆ, ਉਹ ਕੋਵਿਡ ਨਾਲ ਪਿਛਲੇ ਇੱਕ ਮਹੀਨੇ ਤੋਂ ਜ਼ਿੰਦਗੀ ਦੀ ਜੰਗ ਲੜ ਰਹੇ ਸਨ। ਅਸੀਂ ਹਾਲ ਹੀ ਵਿੱਚ ਕੋਵਿਡ ਕਰਕੇ ਏਐਸਆਈ ਨਾਇਬ ਸਿੰਘ, ਏਐਸਆਈ ਸਰਬਜੀਤ ਸਿੰਘ ਤੇ ਜੋਗਿੰਦਰ ਰਾਮ ਨੂੰ ਵੀ ਖੋਹ ਦਿੱਤਾ ਹੈ। "
ਡੀਜੀਪੀ ਨੇ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਅਸੀਂ ਵਰਿੰਦਪਾਲ ਸਿੰਘ ਦੇ ਪਰਿਵਾਰ ਨਾਲ ਖੜ੍ਹੇ ਹਾਂ। ਹਮਦਰਦੀ ਸਾਂਝੀ ਕਰਦਿਆਂ ਡੀਜੀਪੀ ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
ਉਨ੍ਹਾਂ ਦੱਸਿਆ ਕਿ ਕੁੱਲ 6386 ਪੁਲਿਸ ਮੁਲਾਜ਼ਮ ਕੋਵਿਡ-19 ਪੌਜ਼ਟਿਵ ਪਾਏ ਗਏ, ਜਿਨ੍ਹਾਂ ਵਿੱਚੋਂ 6135 ਸਿਹਤਯਾਬ ਹੋਏ ਗਏ। ਜਦੋਂ ਕਿ 195 ਮੁਲਾਜ਼ਮ ਮੌਜੂਦਾ ਸਮੇਂ ਵਿੱਚ ਵੀ ਕੋਵਿਡ ਪੌਜ਼ਟਿਵ ਹਨ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਬਦਕਿਸਮਤੀ ਨਾਲ ਪੰਜਾਬ ਪੁਲਿਸ ਦੇ 56 ਕਰਮਚਾਰੀਆਂ ਜਿਨ੍ਹਾਂ ਵਿੱਚ ਦੋ ਗਜ਼ਟਿਡ ਅਫ਼ਸਰ ਅਤੇ ਛੇ ਪੰਜਾਬ ਹੋਮ ਗਾਰਡ ਦੇ ਜਵਾਨ ਸ਼ਾਮਲ ਹਨ, ਦੀ ਕੋਵਿਡ-19 ਕਰਕੇ ਜਾਨ ਗਈ ਹੈ।
ਇਸ ਦੌਰਾਨ ਡੀਜੀਪੀ ਨੇ ਸਾਰੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਤੇ ਹੋਰਨਾਂ ਦੀ ਸੁਰੱਖਿਆ ਲਈ ਕੋਵਿਡ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜਲਦ ਤੋਂ ਜਲਦ ਆਪਣਾ ਕੋਵਿਡ ਟੀਕਾਕਰਨ ਕਰਵਾਉਣ।