ਚੰਡੀਗੜ੍ਹ: ਪੰਜਾਬ ਭਵਨ ਵਿਖੇ ਕੰਟਰੈਕਟ ਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਲਈ ਸਬ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਤੋਂ ਬਾਅਦ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੀ ਸਬ ਕਮੇਟੀ ਦੇ ਵਿੱਚ ਫ਼ੈਸਲਾ ਕੀਤਾ ਜਾਵੇਗਾ ਪਰ ਇਸ ਬੈਠਕ ਦੇ ਵਿੱਚ ਡਰਾਫਟ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਤਮਾਮ ਚੀਜ਼ਾਂ 'ਤੇ ਵਿਚਾਰ ਚਰਚਾ ਕਰਕੇ ਹੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਮੀਟਿੰਗ ਵਿੱਚ ਮੌਜੂਦ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਜੋ ਸਰਕਾਰੀ ਮੁਲਾਜ਼ਮ ਵਿਰੋਧ ਕਰ ਰਹੇ ਹਨ, ਉਹ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਆਪਣੀ ਆਵਾਜ਼ ਚੁੱਕਣ ਦੀ ਆਜ਼ਾਦੀ ਹੈ ਪਰ ਸਰਕਾਰ 'ਤੇ ਵੀ ਕਈ ਪਾਬੰਦੀਆਂ ਹਨ ਕਿਉਂਕਿ ਹਰ ਇੱਕ ਭਰਤੀ ਕਾਨੂੰਨੀ ਹਿਸਾਬ ਮੁਤਾਬਕ ਹੁੰਦੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਰਾਮ ਮੰਦਰ ਬਣਨ ਦੀ ਉਨ੍ਹਾਂ ਨੂੰ ਖ਼ੁਸ਼ੀ ਹੈ ਲੇਕਿਨ ਇਸ ਦੇਸ਼ ਦੇ ਵਿੱਚ ਹੋਰ ਵੀ ਧਰਮ ਹਨ, ਉਨ੍ਹਾਂ ਬਾਰੇ ਵੀ ਸੋਚਣਾ ਪਵੇਗਾ ਅਤੇ ਇਤਿਹਾਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ।