ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਤੇ ਐਸੋਸੀਏਟਡ ਸਕੂਲਾਂ ਦੀਆਂ ਕਿਤਾਬਾਂ ਵਿੱਚ 150 ਫੀਸਦੀ ਵਾਧਾ ਕੀਤੇ ਜਾਣ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸਾਰੇ ਵਿਦਿਆਰਥੀਆਂ ਨੂੰ ਪੀਐਚਡੀ ਤੱਕ ਮੁਫ਼ਤ ਸਿੱਖਿਆ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਇਸਨੇ ਸੂਬੇ ਦੇ 20 ਲੱਖ ਵਿਦਿਆਰਥੀਆਂ ਲਈ ਸਕੂਲਾਂ ਦੀਆਂ ਕਿਤਾਬਾਂ ਦੀਆਂ ਕੀਮਤਾਂ ਵਿੱਚ 150 ਫ਼ੀਸਦੀ ਵਾਧਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਸੂਬੇ ਦਾ ਅਰਥਚਾਰਾ ਤਾਂ ਪਹਿਲਾਂ ਹੀ ਦਬਾਅ ਹੇਠ ਹੈ। ਮਾਪਿਆਂ ਲਈ ਆਪਣੇ ਬੱਚਿਆਂ ਦੀਆ ਫੀਸਾਂ ਭਰਨੀਆਂ ਮੁਸ਼ਕਿਲ ਹੋ ਗਈਆਂ ਹਨ ਅਤੇ ਅਜਿਹੇ 'ਚ ਸਰਕਾਰ ਨੇ ਕਿਤਾਬਾਂ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਮਾਪੇ ਤਾਂ ਮਾਨਤਾ ਪ੍ਰਾਪਤ ਤੇ ਐਸੋਸੀਏਟਡ ਸਕੂਲਾਂ ਵਿੱਚ ਸਿੱਖਿਆ ਲਾਗਤ ਵਿਚ ਸਬਸਿਡੀ ਲਈ ਵਿਸ਼ੇਸ਼ ਪੈਕਜ ਦੀ ਉਡੀਕ ਵਿੱਚ ਸਨ ਪਰ ਇਸਦੀ ਥਾਂ ਸਰਕਾਰ ਨੇ ਆਮ ਆਦਮੀ ਸਿਰ ਹੋਰ ਭਾਰ ਪਾ ਦਿੱਤਾ ਹੈ। ਜੇਕਰ ਸਰਕਾਰ ਨੇ ਇਹ ਵਾਧਾ ਵਾਪਸ ਨਾ ਲਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਖਿਲਾਫ਼ ਮਾਪਿਆਂ ਦੀ ਸਹਾਇਤਾ ਕਰੇਗਾ।