ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਚੰਡੀਗੜ੍ਹ 'ਚ ਲਗਾਏ ਗਏ ਕਰਫਿਊ 'ਚ ਸ਼ਨੀਵਾਰ ਨੂੰ ਢਿੱਲ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰਫਿਊ 'ਚ ਦਿੱਤੀ ਢਿੱਲ ਤੋਂ ਬਾਅਦ ਵੀ ਪੀਜੀਆਈ ਵੱਲੋਂ ਇੱਕ ਪੀਆਈਐਲ ਹਾਈ ਕੋਰਟ 'ਚ ਪਾਈ ਗਈ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਬਰਾੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਹੈ।
ਡੀਸੀ ਮਨਦੀਪ ਬਰਾੜ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਰੋਜ਼ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੂੰ ਉਪਲੱਬਧ ਕਰਵਾਉਣ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸਬਜ਼ੀਆਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਲਈ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ। ਇਹ ਦੁਕਾਨਾਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਰੋਜ਼ ਖੋਲ੍ਹੀਆਂ ਜਾਣਗੀਆਂ।
ਡੀਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਜ਼ਰੂਰੀ ਹੈ। ਇਸ ਲਈ ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਲੋਕਾਂ ਦੇ ਘਰ ਵਿੱਚ ਜ਼ਰੂਰਤ ਦਾ ਸਾਮਾਨ ਪਹੁੰਚਦਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਿਲਣ ਵਾਲੇ ਦਾਮਾਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਸੋਸ਼ਲ ਡਿਸਟੈਂਸ ਜ਼ਰੂਰ ਮੇਨਟੇਨ ਕਰਕੇ ਰੱਖਿਆ ਜਾਵੇ ਇਸ ਗੱਲ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਦੇ ਖ਼ਿਲਾਫ਼ ਜੋ ਪੀਆਈਐੱਲ ਲਗਾਈ ਗਈ ਹੈ, ਉਸ ਦਾ ਜਵਾਬ ਸੁਣਵਾਈ ਤੋਂ ਬਾਅਦ ਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਲੋਕਾਂ ਦੇ ਲਈ ਉਨ੍ਹਾਂ ਦੀ ਸੁਵਿਧਾ ਜ਼ਰੂਰੀ ਸੀ ਇਸ ਕਰਕੇ ਕਰਫਿਊ 'ਚ ਢਿੱਲ ਦਿੱਤੀ ਗਈ ਹੈ।
ਡੀਸੀ ਬਰਾੜ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਹਾਲਾਂਕਿ ਪਰਵਾਸੀ ਪਲਾਇਨ ਨਹੀਂ ਕਰ ਰਹੇ ਪਰ ਫਿਰ ਵੀ ਜੋ ਬਾਹਰੋਂ ਆਏ ਹੋਏ ਲੋਕ ਇੱਥੇ ਰਹਿ ਰਹੇ ਹਨ, ਉਨ੍ਹਾਂ ਲਈ ਰਹਿਣ ਬਸੇਰੇ, ਖਾਣ ਪੀਣ ਦੇ ਲਈ ਜੋ ਚੀਜ਼ਾਂ ਜ਼ਰੂਰੀ ਹਨ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਫਿਰ ਵੀ ਜੇ ਕਿਸੇ ਨੂੰ ਕੁਝ ਚਾਹੀਦਾ ਹੈ ਤਾਂ ਪ੍ਰਸ਼ਾਸਨ ਨੇ ਨੰਬਰ ਉਪਲੱਬਧ ਕਰਵਾਇਆ ਹੋਇਆ ਹੈ ਕੋਈ ਵੀ ਉਸ ਨੰਬਰ ਤੇ ਫੋਨ ਕਰਕੇ ਸਾਮਾਨ ਲੈ ਸਕਦਾ ਹੈ।