ਚੰਡੀਗੜ੍ਹ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ 147 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦ ਕਿ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਭਾਰਤ ਵਿੱਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਕਾਰਨ ਸਰਕਾਰ ਵੱਲੋਂ ਕਈ ਨਿਰਦੇਸ਼ ਦਿੱਤੇ ਗਏ ਹਨ।
ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸਕੂਲ-ਕਾਲਜ, ਸਿਨੇਮਾ ਹਾਲ, ਮਾਲ, ਪ੍ਰਸ਼ਾਸਨ ਨੇ 31 ਮਾਰਚ ਤੱਕ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ 100 ਤੋਂ ਵੱਧ ਲੋਕ ਚੰਡੀਗੜ੍ਹ ਦੇ ਕਿਸੇ ਵੀ ਸਥਾਨ ਉੱਤੇ ਇਕੱਠੇ ਨਹੀਂ ਹੋਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋਂ ਆਪਣੇ ਪੱਧਰ ਉੱਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰ ਅਤੇ ਹਰ ਬੱਸ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਬੱਸ ਦੇ ਦਰਵਾਜ਼ਿਆਂ ਤੋਂ ਲੈ ਕੇ ਸੀਟਾਂ, ਹੈਂਡਲ ਅਤੇ ਗਰਿਲ ਤੱਕ ਹਰ ਚੀਜ਼ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਲਈ ਇੱਕ ਵਿਸ਼ੇਸ਼ ਕਿਸਮ ਦੇ ਸਪਰੇਅ ਦੀ ਵਰਤੋਂ ਕੀਤੀ ਜਾ ਰਹੀ ਹੈ। ਸੀਟੀਯੂ ਵਰਕਸ਼ਾਪ ਦੇ ਪੇਅ ਮੈਨੇਜਰ ਜਗਬੀਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਇਕ ਟੀਮ ਕੋਲ ਲਗਭਗ 500 ਬੱਸਾਂ ਹਨ। ਇਨ੍ਹਾਂ ਸਾਰੀਆਂ ਬੱਸਾਂ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਹਰ ਬੱਸ ਵਿਚ ਸਪਰੇਅ ਕਰਨ ਤੋਂ ਬਾਅਦ ਉਸ ਨੂੰ ਬੱਸ ਅੱਡੇ ਭੇਜਿਆ ਜਾ ਰਿਹਾ ਹੈ।
ਸ਼ਾਮ ਨੂੰ ਜਦੋਂ ਸਾਰੀਆਂ ਬੱਸਾਂ ਵਰਕਸ਼ਾਪ ਵਿਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਦੋਂ ਤੋਂ ਹੀ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਜੋ ਸਾਰੀ ਰਾਤ ਚੱਲਦਾ ਹੈ। ਇਸ ਤੋਂ ਇਲਾਵਾ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹੱਥਾਂ ਦੇ ਦਸਤਾਨੇ ਅਤੇ ਮਾਸਕ ਦਿੱਤੇ ਗਏ ਹਨ, ਕਿਉਂਕਿ ਇਹ ਕਰਮਚਾਰੀ ਸਾਰਾ ਦਿਨ ਬੱਸ ਵਿਚ ਮੌਜੂਦ ਹੁੰਦੇ ਹਨ, ਇਸ ਨਾਲ ਇਨ੍ਹਾਂ ਲੋਕਾਂ ਵਿਚ ਵਾਇਰਸ ਦਾ ਖ਼ਤਰਾ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਆਪਣੇ ਕਰਮਚਾਰੀਆਂ ਅਤੇ ਚੰਡੀਗੜ੍ਹ ਦੇ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਇਹੀ ਕਾਰਨ ਹੈ ਕਿ ਬੱਸਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਸਫਾਈ ਦੇ ਬਾਅਦ ਹੀ ਸੜਕਾਂ ਉੱਤੇ ਭੇਜਿਆ ਜਾ ਰਿਹਾ ਹੈ। ਇਸ ਵੇਲੇ ਇਹ ਕੰਮ ਚੱਲ ਰਿਹਾ ਹੈ ਅਤੇ ਜਦੋਂ ਤੱਕ ਕੋਰੋਨਾ ਵਾਇਰਸ ਦਾ ਖ਼ਤਰਾ ਟਲ ਨਹੀਂ ਜਾਂਦਾ ਉਦੋਂ ਤੱਕ ਸੈਨੇਟਾਈਜ਼ ਦਾ ਕੰਮ ਜਾਰੀ ਰਹੇਗਾ।