ਚੰਡੀਗੜ੍ਹ: ਪੰਜਾਬ ਵਿੱਚ ਵੱਧ ਰਹੇ ਅਪਰਾਧਿਕ ਮਾਮਲਿਆਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਫੇਲ ਸਾਬਿਤ ਹੋਈ ਹੈ। ਕਤਲ, ਡਕੈਤੀਆਂ, ਚੋਰੀਆਂ, ਗੈਂਗਵਾਰ ਵਰਗੀ ਹੋਰ ਵਾਰਦਾਤਾਂ ਵਿੱਚ ਪਿਛਲੇ ਪੰਜ ਸਾਲਾਂ 'ਚ ਕਾਫ਼ੀ ਵਾਧਾ ਹੋਇਆ ਹੈ।
ਇੱਕ ਆਰਟੀਆਈ ਵਿੱਚ ਇਨ੍ਹਾਂ ਮਾਮਲਿਆਂ ਬਾਰੇ ਲੋਕ ਸੂਚਨਾ ਅਧਿਕਾਰੀ, ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ ਕਰਾਇਮ ਚੰਡੀਗੜ੍ਹ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2016 'ਚ 2039 ਸਨੈਚਿੰਗ ਹੋਈਆਂ ਅਤੇ 1078 ਕੇਸ ਟਰੇਸ ਕੀਤੇ ਗਏ ਹਨ। ਸਾਲ 2017 'ਚ 2473 ਸਨੈਚਿੰਗ ਹੋਈਆਂ ਅਤੇ 1444 ਕੇਸ ਸੁਲਝਾ ਲਏ ਗਏ। ਇਸ ਤੋਂ ਇਲਾਵਾ ਸਾਲ 2018 ' 2512 ਸਨੈਚਿੰਗ ਹਾਈਆਂ ਅਤੇ 1362 ਮਾਮਲੇ ਸੁਲਝਾਏ ਗਏ। 2019 ਵਿੱਚ 2445 ਸਨੈਚਿੰਗ ਹੋਈਆਂ ਹਨ।
ਸਾਲ 2015 ਤੋਂ 2019 ਤੱਕ ਕਤਲ ਦੇ ਕਈ ਮਾਮਲੇ
ਪੰਜਾਬ ਵਿੱਚ ਸਾਲ 2015 'ਚ 707 ਕਤਲ ਹੋਏ ਅਤੇ 636 ਕੇਸ ਸੁਲਝਾਏ ਗਏ। ਸਾਲ 2016 'ਚ 771 ਕਤਲ ਕੇਸ ਹੋਏ, ਸਾਲ 2017 'ਚ 658 ਕਤਲ ਹੋਏ ਅਤੇ 587 ਕੇਸ ਸੁਲਝਾਏ ਗਏ। ਉੱਥੇ ਹੀ ਸਾਲ 2018 'ਚ 684 ਕਤਲ ਹੋਏ, ਸਾਲ 2019 'ਚ 677 ਕਤਲ ਦੇ ਮਾਮਲੇ ਦਰਜ ਹੋਏ ਸਨ।
ਲੁੱਟਖੋਹ ਦੇ ਕਈ ਮਾਮਲੇ ਦਰਜ
ਦੂਜੇ ਪਾਸੇ ਪੰਜਾਬ ਭਰ 'ਚ ਸਾਲ 2015 'ਚ 165 ਕੇਸ ਲੁੱਟਖੋਹ ਦੇ ਰਜਿਸਟਰ ਹੋਏ, ਸਾਲ 2016 ਵਿੱਚ 190 ਕੇਸ, 2017 'ਚ 147 ਲੁੱਟ ਖੋਹ ਦੇ ਮਾਮਲੇ ਦਰਜ ਕੀਤੇ ਗਏ। ਸਾਲ 2019 ਵਿੱਚ 116 ਲੁੱਟ ਖੋਹ ਦੇ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 74 ਮਾਮਲੇ ਪੁਲਿਸ ਵੱਲੋਂ ਸੁਲਝਾ ਲਏ ਗਏ।
ਪੁਲਿਸ ਕਸਟਿਡੀ 'ਚ ਹੋਈਆਂ ਮੌਤਾਂ
ਇਸ ਦੇ ਨਾਲ ਹੀ 2015 ਵਿੱਚ ਪੁਲਿਸ ਦੀ ਕਸਟਿਡੀ 'ਚ 3 ਮੌਤਾਂ ਹੋਈਆਂ, ਸਾਲ 2016 ਵਿੱਚ 4, 2017 ਵਿੱਚ 4, ਸਾਲ 2018 ਵਿੱਚ 2 ਅਤੇ ਸਾਲ 2019 ਵਿੱਚ ਵੀ 2 ਮੋਤਾਂ ਹੋਈਆਂ ਸਨ।