ਚੰਡੀਗੜ੍ਹ: ਪੰਜਾਬ ਵਿੱਚ ਜਲਦੀ ਹੀ ਕੋਰੋਨਾ ਵਾਇਰਸ ਦੀ ਵੱਡੇ ਪੱਧਰ 'ਤੇ ਟੈਸਟਿੰਗ ਸ਼ੁਰੂ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2.31 ਕਰੋੜ ਰੁਪਏ ਦੀ ਲਾਗਤ ਨਾਲ 5 ਆਰ.ਟੀ.ਪੀ.ਸੀ.ਆਰ ਅਤੇ 4 ਆਰ. ਐਨ. ਏ. ਐਕਸਟ੍ਰੈਕਸ਼ਨ ਮਸ਼ੀਨਾਂ (ਆਟੋਮੈਟਿਕ) ਦੀ ਖਰੀਦ ਕਰਕੇ ਕੋਵਿਡ -19 ਟੈਸਟਿੰਗ ਦੀ ਸਮਰੱਥਾ ਨੂੰ 10 ਗੁਣਾ ਵਧਾ ਦਿੱਤਾ ਹੈ। ਸੂਬਾ ਇਸ ਬਿਮਾਰੀ ਦੀ ਰੋਕਥਾਮ ਲਈ 10 ਅਪ੍ਰੈਲ ਤੋਂ ਤੇਜ਼ੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ ਰਾਜ ਸਰਕਾਰ ਵੱਲੋਂ ਆਈ. ਸੀ. ਐਮ. ਆਰ. ਤੋਂ ਮੰਗਵਾਈਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੀ ਜਲਦ ਪ੍ਰਾਪਤ ਹੋਣ ਦੀ ਆਸ ਹੈ ਅਤੇ ਇੱਕ ਹੋਰ 10,000 ਕਿੱਟਾਂ ਦੀ ਓਪਨ ਮਾਰਕੀਟ 'ਚੋਂ ਖਰਦੀਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਾਟ ਸਪਾਟਾਂ 'ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਮੱਦੇਨਜ਼ਰ ਹੁਣ ਆਈ. ਸੀ. ਐਮ. ਆਰ. ਨੇ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਐਂਟੀਬਾਡੀ ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਸ ਦੇ ਨਾਲ ਹੀ ਮਹਾਜਨ ਨੇ ਕਿਹਾ ਕਿ ਨਵੇਂ ਉਪਕਰਣਾਂ ਦੇ ਆਉਣ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ 'ਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ (ਵੀ.ਆਰ.ਡੀ.ਐੱਲ) ਦੀ ਟੈਸਟਿੰਗ ਸਮਰੱਥਾ ਮੌਜੂਦਾ 40 ਤੋਂ ਵੱਧ ਕੇ 400 ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਲੈਬਾਂ 'ਚ ਹੁਣ ਤੱਕ 1958 ਸੈਂਪਲ ਜਾਂਚੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਨੂੰ ਟੈਸਟ ਕਰਨ ਦੀ ਪ੍ਰਵਾਨਗੀ ਲੈਣ ਲਈ ਅੱਗੇ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤੀ ਸਮਰੱਥਾ 40 ਟੈਸਟ ਪ੍ਰਤੀ ਦਿਨ ਹੋਵੇਗੀ। ਸੂਬੇ ਦੀਆਂ ਆਪਣੀਆਂ ਲੈਬਾਰਟਰੀਆਂ ਤੋਂ ਇਲਾਵਾ, ਪੀ. ਜੀ. ਆਈ. ਚੰਡੀਗੜ੍ਹ ਵੱਲੋਂ ਪੰਜਾਬ ਤੋਂ ਜਾਂਚ ਲਈ ਆਉਣ ਵਾਲੇ ਨਮੂਨਿਆਂ ਦੇ ਰੋਜ਼ਾਨਾ ਤਕਰੀਬਨ 40 ਟੈਸਟ ਕੀਤੇ ਜਾ ਰਹੇ ਹਨ। ਪੀ. ਜੀ.ਆਈ. ਵੱਲੋਂ ਹੁਣ ਤੱਕ ਤਕਰੀਬਨ 650 ਟੈਸਟ ਕੀਤੇ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਡੀ. ਐੱਮ. ਸੀ ਅਤੇ ਸੀ. ਐੱਮ. ਸੀ. ਲੁਧਿਆਣਾ ਵਿਖੇ ਵੀ ਇਸੇ ਤਰ੍ਹਾਂ ਦੀਆਂ ਟੈਸਟਿੰਗ ਸਹੂਲਤਾਂ ਦੀ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਤੋਂ ਤੁਰੰਤ ਮਨਜ਼ੂਰੀਆਂ ਦੀ ਮੰਗ ਕੀਤੀ ਹੈ। ਮਹਾਜਨ ਨੇ ਕਿਹਾ ਕਿ ਲੁਧਿਆਣਾ ਦੇ ਦੋਵੇਂ ਹਸਪਤਾਲਾਂ ਕੋਲ ਪਹਿਲਾਂ ਹੀ ਲੋੜੀਂਦੇ ਉਪਕਰਣ ਉਪਲੱਬਧ ਹਨ ਅਤੇ ਇਨ੍ਹਾਂ ਨੇ ਐਨ. ਏ. ਬੀ. ਐਲ. ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਹੈ, ਜਿਸ ਤੋਂ ਬਾਅਦ ਆਈ. ਸੀ. ਐੱਮ. ਆਰ. ਤੋਂ ਪ੍ਰਵਾਨਗੀ ਮੰਗੀ ਜਾਵੇਗੀ।