ਚੰਡੀਗੜ੍ਹ: ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਾਂਝੀ ਐਕਸ਼ਨ ਕਮੇਟੀ ਦੇ ਵਫ਼ਦ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਬਾਜਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉੱਚੇਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਪੜਾਈ ‘ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਅਤੇ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਨਲਾਈਨ ਅਧਿਆਪਨ ਪ੍ਰਣਾਲੀਆਂ ਦੁਆਰਾ ਅਧਿਆਪਨ ਨੂੰ ਨਿਰਵਿਘਨ ਚਲਾਉਣਾ ਚਾਹੀਦਾ ਹੈ।
ਇਸ ਮੌਕੇ ਵਫ਼ਦ ਨੇ ਉੱਚੇਰੀ ਸਿਖਿਆ ਮੰਤਰੀ ਅੱਗੇ ਆਪਣੀਆਂ ਕਈ ਮੰਗਾਂ ਰੱਖੀਆਂ ਜਿਨ੍ਹਾਂ ਬਾਰੇ ਮੌਕੇ ‘ਤੇ ਮੌਜੂਦ ਉੱਚੇਰੀ ਸਿੱਖਿਆ ਸਕੱਤਰ ਰਾਹੁਲ ਭੰਡਾਰੀ ਅਤੇ ਡਿਪਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਬਰਾੜ ਨੂੰ ਜਾਇਜ਼ ਮੰਗਾਂ ਦਾ ਹੱਲ ਕੱਢਣ ਲਈ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਉੱਚੇਰੀ ਸਿਖਿਆ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦੇ 300 ਕਰੋੜ ਰੁਪਏ ਦੀ ਰਾਸ਼ੀ ਸਮਾਜਿਕ ਸੁਰੱਖਿਆ ਵਿਭਾਗ ਤੋਂ ਜਾਰੀ ਕਰਵਾਉਣ ਲਈ ਕਾਰਵਾਈ ਕਰਨ ਦੇ ਨਾਲ-ਨਾਲ ਸੈਲਫ ਫਾਈਨਾਂਸਡ ਬੀ.ਐਡ ਕਾਲਜਾਂ ਦੀ ਬਕਾਇਆ ਬਣਦੀ ਫੀਸ ਜਾਰੀ ਕਰਨ ਲਈ ਕਾਰਵਾਈ ਕਰਨ, ਵਿਦਿਆਰਥੀਆਂ ਤੋਂ ਬਣਦੀ ਫੀਸ ਲੈਣ ਲਈ ਹੱਲ ਕੱਢਣ ਅਤੇ ਐਂਡੋਮੈਂਟ ਫੰਡ ‘ਤੇ ਅਦਾਰਿਆਂ ਨੂੰ ਲੋਨ ਦੀ ਪ੍ਰਵਾਨਗੀ ਦੇਣ ਦੀ ਮੰਗ ਬਾਰੇ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ।