ਚੰਡੀਗੜ੍ਹ: ਬਾਹਰਲੇ ਦੇਸ਼ਾਂ ਦੀ ਤਰਜ਼ 'ਤੇ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਲਈ ਪਲਾਜ਼ਮਾ ਥੈਰੇਪੀ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੇ ਪੀਜੀਆਈ 'ਚ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਈਟੀਵੀ ਭਾਰਤ ਨੇ ਇਸ ਸਬੰਧੀ ਪੀਜੀਆਈ ਦੇ ਕੋਵਿਡ ਹਸਪਤਾਲ ਦੇ ਇੰਚਾਰਜ ਡਾ. ਜੀ ਡੀ ਪੁਰੀ ਦੇ ਨਾਲ ਗੱਲਬਾਤ ਕੀਤੀ।
ਡਾ. ਪੁਰੀ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਚੰਡੀਗੜ੍ਹ ਦੇ ਪੀਜੀਆਈ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਠੀਕ ਕਰਨ ਲਈ ਪਲਾਜ਼ਮਾ ਥੈਰੇਪੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਇਸ ਦੇ ਟ੍ਰਾਇਲ ਕੀਤੇ ਗਏ ਸਨ ਅਤੇ ਉੱਥੇ ਇਸ ਦੇ ਚੰਗੇ ਨਤੀਜੇ ਵੇਖਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੇ ਵਿੱਚ ਵੀ ਇਸ ਦੇ ਚੰਗੇ ਹੀ ਨਤੀਜੇ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: ਮਰੀਜ਼ਾਂ ਦੀਆਂ ਕੋਰੋਨਾ ਰਿਪੋਰਟ ਦੇਰੀ ਨਾਲ ਆਉਣ 'ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦਿੱਤੀ ਸਫਾਈ
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਕਵਾਇਦ ਸ਼ੁਰੂ ਹੋ ਗਈ ਹੈ ਕਿ ਜੋ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਗਏ ਸੀ, ਉਨ੍ਹਾਂ ਨਾਲ ਪਲਾਜ਼ਮਾ ਡੋਨੇਟ ਕਰਨ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੀਜੀਆਈ ਦੇ ਵਿੱਚ ਵੀ ਪਲਾਜ਼ਮਾ ਥੈਰਪੀ ਪੂਰਣ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ।
ਡਾਕਟਰ ਪੁਰੀ ਨੇ ਦੱਸਿਆ ਕਿ ਹਾਲਾਂਕਿ ਪਲਾਜ਼ਮਾ ਥੈਰੇਪੀ ਇੱਕ ਮਹਿੰਗੀ ਥੈਰੇਪੀ ਹੈ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਥੈਰੇਪੀ ਵੀ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਥੈਰੇਪੀ ਸਿਰਫ਼ ਗੰਭੀਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ।