ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੋਏ ਅਚਾਨਕ ਵਾਧੇ ਕਾਰਨ ਵਿਰੋਧੀ ਲਗਾਤਾਰ ਪੰਜਾਬ ਸਰਕਾਰ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਵਿੱਚੋਂ ਵੱਡੀ ਗਿਣਤੀ ਵਿੱਚ ਕੋਰੋਨਾ ਪੌਜ਼ੀਟਿਵ ਸ਼ਾਮਲੇ ਸਾਹਮਣੇ ਆਏ ਹਨ, ਜਿਸ ਕਾਰਨ 3 ਦਿਨਾਂ 'ਚ ਹੀ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1100 ਤੋਂ ਪਾਰ ਹੋ ਗਈ ਹੈ।
ਸੂਬੇ ਵਿੱਚ ਐਤਵਾਰ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1102 ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਵਿੱਚ 600 ਦੇ ਕਰੀਬ ਹਜ਼ੂਰ ਸਾਹਿਬ ਚੋਂ ਪਰਤੇ ਸ਼ਰਧਾਲੂ ਹਨ। ਜਿੱਥੇ ਪੰਜਾਬ ਵਿੱਚ ਹੋਏ ਕੋਰੋਨਾ ਵਾਇਰਸ ਦੇ ਇਸ ਧਮਾਕੇ ਨੂੰ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਸੂਬਾ ਸਰਕਾਰ ਦੀ ਨਾਲਾਇਕੀ ਦੱਸ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਨੇ ਸਿੱਧੇ ਤੌਰ 'ਤੇ ਮਹਾਰਾਸ਼ਟਰ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਕਾਂਗਰਸ, ਸ਼ਿਵ ਸੈਨਾ ਅਤੇ ਐਨਸੀਪੀ ਦੀ ਭਾਈਵਾਲੀ ਵਾਲੀ ਸਰਕਾਰ ਹੈ।
ਦੂਜੇ ਪਾਸੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਨੇ ਦੋਸ਼ ਲਗਾਇਆ ਹੈ ਕਿ ਨਾਂਦੇੜ 'ਚ ਕੋਰੋਨਾ ਵਾਇਰਸ ਪੰਜਾਬ ਦੀ ਗਲਤੀ ਨਾਲ ਫੈਲਿਆ ਹੈ। ਦਰਅਸਲ ਨਾਂਦੇੜ 'ਚ ਗੁਰਦੁਆਰਾ ਲੰਗਰ ਸਾਹਿਬ 'ਚ 20 ਸੇਵਾਦਾਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰਲੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਦੱਸਦਈਏ ਕਿ ਬੀਤੀ 24 ਅਪ੍ਰੈਲ ਨੂੰ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਤੇ 26 ਅਪ੍ਰੈਲ ਨੂੰ ਪਹਿਲਾ ਜਥਾ ਸੂਬੇ ਵਿੱਚ ਪਹੁੰਚਿਆ ਸੀ। ਸਾਢੇ ਤਿੰਨ ਹਜ਼ਾਰ ਦੇ ਕਰੀਬ ਸ਼ਰਧਾਲੂ ਪੰਜਾਬ ਵਾਪਸ ਪਰਤੇ ਹਨ ਜਿਨ੍ਹਾਂ ਵਿੱਚੋਂ ਸੈਂਕੜਿਆਂ ਦੀ ਰਿਪੋਰਟ ਆਉਣੀ ਬਾਕੀ ਹੈ।