ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 333 ਹੋ ਗਈ ਹੈ। ਮੰਗਲਵਾਰ ਦੁਪਹਿਰ ਤੱਕ ਸੂਬੇ ਵਿੱਚ 3 ਨਵੇਂ ਕੋਵਿਡ ਪੌਜ਼ੀਟਿਵ ਮਾਮਲੇ ਸਾਹਮਣੇ ਆਏ।
ਮੰਗਲਵਾਰ ਨੂੰ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਹ ਸ਼ਰਧਾਲੂ ਬੀਤੀ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਸੀ। ਦੱਸਣਯੋਗ ਹੈ ਕਿ ਇਹ ਕੋਰੋਨਾ ਪੌਜ਼ੀਟਿਵ ਸ਼ਰਧਾਲੂ 35 ਲੋਕਾਂ ਦੇ ਜੱਥੇ 'ਚੋਂ ਸਾਹਮਣੇ ਆਇਆ ਹੈ। ਇਨ੍ਹਾਂ ਸ਼ਰਧਾਲੂਆਂ 'ਚ 25 ਦੀ ਰਿਪੋਰਟ ਨੈਗੇਟਿਵ ਅਤੇ 9 ਦੀ ਰਿਪੋਰਟ ਉਡੀਕ 'ਚ ਹੈ।
ਜਲੰਧਰ 'ਚ ਨਵਾਂ ਮਾਮਲਾ ਆਇਆ ਸਾਹਮਣੇ
ਜਲੰਧਰ ਵਿੱਚ ਕੋਰੋਨਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਨਿਊ ਜਵਾਹਰ ਨਗਰ ਦੀ 46 ਸਾਲਾਂ ਦੀ ਇੱਕ ਮਹਿਲਾ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਜਲੰਧਰ ਵਿੱਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 79 ਹੋ ਗਈ ਹੈ।
ਮੋਹਾਲੀ 'ਚ ਇੱਕ ਹੋਰ ਵਿਅਕਤੀ ਦੀ ਰਿਪੋਰਟ ਪੌਜ਼ੀਟਿਵ
ਮੋਹਾਲੀ ਦੇ ਡੇਰਾ ਬੱਸੀ ਦੇ ਜਵਾਹਰਪੁਰ ਪਿੰਡ 'ਚ ਇੱਕ ਵਾਰ ਮੁੜ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਮਿਲਿਆ ਹੈ। ਮੋਹਾਲੀ ਦੇ ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਇੱਕ 47 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।
ਸ਼ੱਕੀ ਮਰੀਜ਼ ਦੀ ਹੋਈ ਮੌਤ
ਬਰਨਾਲ ਜ਼ਿਲ੍ਹੇ ਦੇ ਕਸਬਾ ਧਨੌਲਾ ਦੀ ਰਹਿਣ ਵਾਲੀ ਕੋਰੋਨਾ ਦੀ ਇੱਕ ਔਰਤ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮੰਗਲਵਾਰ ਸੇਵੇਰੇ ਮੌਤ ਹੋ ਗਈ। ਇਸ ਸ਼ੱਕੀ ਮਰੀਜ਼ ਨੂੰ ਹਾਲਤ ਗੰਭੀਰ ਹੋਣ ਕਾਰਨ ਸੋਮਵਾਰ ਨੂੰ ਧਨੌਲਾ ਤੋਂ ਬਰਨਾਲਾ ਅਤੇ ਬਰਨਾਲਾ ਤੋਂ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਸੀ। ਇਸ ਔਰਤ ਦੀ ਜਾਂਚ ਲਈ ਸੈਂਪਲ ਵੀ ਸੋਮਵਾਰ ਨੂੰ ਹੀ ਲਏ ਗਏ ਸਨ, ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਹੀ ਰਾਜਿੰਦਰਾ ਹਸਪਤਾਲ ਵਿਖੇ ਇੱਕ 63 ਸਾਲਾ ਕੋਰੋਨਾ ਪੌਜ਼ੀਟਿਵ ਮਹਿਲਾ ਦੀ ਮੌਤ ਹੋਈ ਸੀ ਜੋ ਕਿ ਰਾਜਪੂਰਾ ਦੀ ਵਸਨੀਕ ਸੀ।