ਚੰਡੀਗੜ੍ਹ: ਪੰਜਾਬ ਵਿੱਚ ਆਉਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕਰਨ ਵਾਸਤੇ ਪੰਜਾਬ ਭਾਜਪਾ ਲੀਡਰਸ਼ਿਪ ਦੀ ਚੰਡੀਗੜ੍ਹ ਵਿਖੇ ਅਹਿਮ ਬੈਠਕ ਹੋਈ। ਬੈਠਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਆਪਣੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਤਕ ਜਾਵੇਗੀ ਅਤੇ ਹਰ ਥਾਂ ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਇਸ ਮੌਕੇ ਚੋਣ ਕਮਿਸ਼ਨ ਨੂੰ ਨਿਰਪੱਖ ਤਰੀਕੇ ਨਾਲ ਚੋਣ ਕਰਵਾਉਣ ਦੀ ਮੰਗ ਕੀਤੀ।
ਹਾਲਾਂਕਿ ਭਾਜਪਾ ਲੀਡਰਸ਼ਿਪ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੀ ਹੈ। ਇਸ ਤਰੀਕੇ ਨਾਲ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਤੋਂ ਅਲੱਗ ਹੋ ਕੇ ਚੋਣ ਲੜ ਰਹੀ ਹੈ ਤੇ ਨਾਲ ਹੀ ਕਿਸਾਨ ਅੰਦੋਲਨ ਦਾ ਸੇਕ ਭਾਜਪਾ 'ਤੇ ਪਿਆ। ਰਾਜਨੀਤਕ ਮਾਹਿਰ ਅਤੇ ਸੀਨੀਅਰ ਪੱਤਰਕਾਰ ਇਹ ਮੰਨ ਰਹੇ ਹਨ ਕਿ ਭਾਜਪਾ ਦਾ ਗਰਾਫ਼ ਇਸ ਵੇਲੇ ਪੰਜਾਬ ਦੇ ਵਿਚ ਕਾਫੀ ਡਿੱਗ ਚੁੱਕਾ ਹੈ। ਉਨ੍ਹਾਂ ਵਾਸਤੇ ਚੋਣਾਂ ਲੜੀਆਂ ਅਤੇ ਜਿਤਣੀਆਂ ਮੁਸ਼ਕਿਲ ਹੋਣਗੀਆਂ।
ਇੱਥੇ ਦੱਸਣਯੋਗ ਹੈ ਕਿ 14 ਫਰਵਰੀ ਨੂੰ ਹੋਣ ਵਾਲੇ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ 28 ਜਨਵਰੀ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਲਈ ਲਗਾਤਾਰ ਭਾਜਪਾ ਦੇ ਲੀਡਰਾਂ ਦਾ ਬੈਠਕਾਂ ਦਾ ਦੌਰ ਜਾਰੀ ਹੈ। ਪਾਰਟੀ ਚੋਣ ਸਮਿਤੀ ਦੀ ਬੈਠਕ 27 ਅਤੇ 28 ਜਨਵਰੀ ਨੂੰ ਸੱਦੀ ਗਈ ਤੇ ਮੰਨਿਆ ਜਾ ਰਿਹਾ ਹੈ ਕਿ ਉਸ ਦਿਨ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਕੇ ਲਿਸਟ ਜਾਰੀ ਕਰ ਦਿੱਤੀ ਜਾਵੇਗੀ।
ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਭਾਜਪਾ ਦੀ ਲੀਡਰਸ਼ਿਪ ਦਾ ਘੇਰਾਓ ਕੀਤਾ ਜਾ ਰਿਹਾ ਹੈ। ਸਿੱਧੇ ਤੌਰ 'ਤੇ ਲੀਡਰਸ਼ਿਪ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਇਸ ਬਾਬਤ ਪਹਿਲਾਂ ਵੀ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਕੇ ਕਾਨੂੰਨ ਵਿਵਸਥਾ ਬਣਾਉਣ ਦੀ ਮੰਗ ਚੁੱਕ ਚੁੱਕੀ ਹੈ।
ਇਸ ਵੇਲੇ ਪੰਜਾਬ ਭਾਜਪਾ ਵੱਲੋਂ ਚੋਣ ਕਮਿਸ਼ਨ ਅੱਗੇ ਅਪੀਲ ਕੀਤੀ ਗਈ ਹੈ ਕਿ ਉਹ ਨਿਰਪੱਖ ਚੋਣ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨ ਵਿੱਚ ਕਾਮਯਾਬ ਨਹੀਂ ਰਹੀ ਹੁਣ ਉਮੀਦ ਚੋਣ ਕਮਿਸ਼ਨ ਕੋਲ ਹੈ ਕਿ ਉਹ ਚੋਣ ਠੀਕ ਤਰੀਕੇ ਦੇ ਨਾਲ ਕਰਵਾਵੇ।