ਚੰਡੀਗੜ੍ਹ: ਰਾਜ ਚੋਣ ਕਮਿਸ਼ਨ ਨੇ 14 ਫਰਵਰੀ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਲਈ ਸੁਰੱਖਿਆ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਰਾਜ ਵਿੱਚ 1708 ਸੰਵੇਦਨਸ਼ੀਲ ਅਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਹਨ। ਇਨ੍ਹਾਂ ਵਿੱਚੋਂ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 216 ਪੋਲਿੰਗ ਬੂਥ ਸੰਵੇਦਨਸ਼ੀਲ ਹਨ, ਜਦੋਂ ਕਿ ਅਤਿ ਸੰਵੇਦਨਸ਼ੀਲ ਬੂਥਾਂ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਬੂਥ ਮਾਨਸਾ ਜ਼ਿਲ੍ਹੇ ਵਿੱਚ 111 ਹਨ।
ਕਮਿਸ਼ਨ ਦੀ ਸੂਚੀ ਅਨੁਸਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਮੋਹਾਲੀ ਜ਼ਿਲ੍ਹੇ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ 209, ਫਿਰੋਜ਼ਪੁਰ ਵਿੱਚ 152, ਸੰਗਰੂਰ ਵਿੱਚ 146, ਹੁਸ਼ਿਆਰਪੁਰ ਵਿੱਚ 123, ਜਲੰਧਰ ਵਿੱਚ 117, ਪਟਿਆਲਾ ਵਿੱਚ 88, ਬਰਨਾਲਾ ਵਿੱਚ 71, 69 ਲੁਧਿਆਣਾ, ਫਰੀਦਕੋਟ ਅਤੇ ਨਵਾਂ ਸ਼ਹਿਰ ਵਿੱਚ 65-65, ਫਤਿਹਗੜ੍ਹ ਸਾਹਿਬ ਵਿੱਚ 51, ਮੋਗਾ ਵਿੱਚ 50, ਕਪੂਰਥਲਾ ਵਿੱਚ 46, ਮੁਕਤਸਰ ਵਿੱਚ 45, ਫਾਜ਼ਿਲਕਾ ਵਿੱਚ 39, ਗੁਰਦਾਸਪੁਰ ਅਤੇ ਰੋਪੜ ਵਿੱਚ 35- 35, ਅੰਮ੍ਰਿਤਸਰ ਵਿੱਚ 31, ਪਠਾਨਕੋਟ ਵਿੱਚ 23, ਮਾਨਸਾ ਵਿੱਚ 21 ਅਤੇ ਤਰਨਤਾਰਨ ਵਿੱਚ 11 ਪੋਲਿੰਗ ਬੂਥ ਸੰਵੇਦਨਸ਼ੀਲ ਹਨ।
ਇਨ੍ਹਾਂ ਤੋਂ ਇਲਾਵਾ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਤੋਂ ਬਾਅਦ, ਪਟਿਆਲਾ ਵਿੱਚ 86, ਮੋਗਾ ਵਿੱਚ 78, ਬਠਿੰਡਾ ਵਿੱਚ 77, ਫਿਰੋਜ਼ਪੁਰ ਵਿੱਚ 74, ਸੰਗਰੂਰ ਵਿੱਚ 68, ਫਾਜ਼ਿਲਕਾ ਵਿੱਚ 62, ਅੰਮ੍ਰਿਤਸਰ ਜ਼ਿਲ੍ਹੇ ਵਿੱਚ 53, ਫਰੀਦਕੋਟ ਵਿੱਚ 51, ਮੋਹਾਲੀ ਵਿੱਚ 44 ਤਰਨਤਾਰਨ ਵਿੱਚ 42, ਲੁਧਿਆਣਾ ਵਿੱਚ 34, ਬਰਨਾਲਾ ਅਤੇ ਮੁਕਤਸਰ ਵਿੱਚ 24-24, ਗੁਰਦਾਸਪੁਰ ਵਿੱਚ 15, ਫਤਿਹਗੜ੍ਹ ਸਾਹਿਬ ਵਿੱਚ 12 ਅਤੇ ਜਲੰਧਰ ਵਿੱਚ 6 ਪੋਲਿੰਗ ਬੂਥ ਅਤਿ ਸੰਵੇਦਨਸ਼ੀਲ ਹੈ।
ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ ਸੰਕੇਤ ਦਿੱਤਾ ਹੈ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤ ਚੋਣਾਂ ਨਾਲ ਸਬੰਧਤ ਸਾਰੀ ਪ੍ਰਕਿਰਿਆ ਰਾਜ ਪੁਲਿਸ ਦੀ ਨਿਗਰਾਨੀ ਹੇਠ ਹੋਵੇਗੀ। ਦੂਜੇ ਪਾਸੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ 14 ਤੋਂ 17 ਫਰਵਰੀ ਤੱਕ ਡਰਾਈ ਡੇ ਐਲਾਨ ਕਰ ਦਿੱਤੇ ਹਨ। 14 ਫਰਵਰੀ ਨੂੰ ਵੋਟ ਪਾਉਣ ਤੋਂ ਲੈ ਕੇ 17 ਫਰਵਰੀ ਨੂੰ ਚੋਣ ਨਤੀਜਿਆਂ ਦੇ ਐਲਾਨ ਤੱਕ ਜ਼ਿਲ੍ਹਿਆਂ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਦੁਕਾਨਾਂ ਅਤੇ ਸ਼ਰਾਬ ਦੀਆਂ ਦੁਕਾਨਾਂ ‘ਤੇ ਡਰਾਈ-ਡੇਅ ਬਾਰੇ ਨਿਰਦੇਸ਼ ਲਾਗੂ ਰਹਿਣਗੇ।