ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਮਹਾਂਮਾਰੀ ਦੀ ਲਪੇਟ 'ਚ ਹੁਣ ਸਾਡੇ ਸਿਆਸੀ ਆਗੂ ਵੀ ਆਉਣ ਲੱਗ ਗਏ ਹਨ। ਬੀਤੇ ਮੰਗਲਵਾਰ ਨੂੰ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਸਾਰੇ ਸਿਆਸੀ ਆਗੂ ਸਖ਼ਤੇ 'ਚ ਆ ਗਏ ਹਨ।
ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਲਗਭਗ 11 ਵਜੇ ਦੇ ਕਰੀਬ ਸਾਰੇ ਕੈਬਿਨੇਟ ਮੰਤਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ। ਇਨ੍ਹਾਂ ਸਾਰੀਆਂ ਦੀ ਟੈਸਟ ਰਿਪੋਰਟ ਸ਼ਾਮ ਤੱਕ ਆਵੇਗੀ। ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਾਣਕਾਰੀ ਦਿੱਤੀ ਹੈ।
ਸੂਬੇ ਅੰਦਰ ਵੱਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਵੇਖਦੇ ਹੋਏ ਕੈਪਟਨ ਸਰਕਾਰ ਹੋਰ ਸਖ਼ਤੀ ਸੰਬੰਧੀ ਫੈਸਲਾ ਲੈ ਸਕਦੀ ਹੈ। ਸੂਤਰਾ ਮੁਤਾਬਕ ਅਸਤਮਾ, ਕੈਂਸਰ, ਟੀਬੀ ਅਤੇ ਸ਼ੂਗਰ ਦੇ ਮਰੀਜ਼ ਘਰ ਤੋਂ ਬਾਹਰ ਨਾ ਨਿਕਲਣ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਪੌਜ਼ੀਟਿਵ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਨੂੰ ਕੱਲ੍ਹ ਉਨ੍ਹਾਂ ਦੇ ਘਰ ਸ਼ਿਫਟ ਕਰ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫਿਲਹਾਲ ਫੋਰਟਿਸ ਹਸਪਤਾਲ 'ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਿਹਤ ਹੁਣ ਠੀਕ ਹੈ।