ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਹਰੀਕੇ ਪੱਤਣ ਥਾਣੇ ਦੇ ਐਸ.ਐਚ.ਓ ਨਾਲ ਬਦਤਮੀਜ਼ੀ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ 'ਤੇ ਗਿੱਲ ਨੂੰ ਘੇਰਿਆ ਹੈ।
ਆਮ ਆਦਮੀ ਪਾਰਟੀ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਹਰਮਿੰਦਰ ਸਿੰਘ ਗਿੱਲ ‘ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਕਾਂਗਰਸ ਪਾਰਟੀ ‘ਚੋਂ ਕੱਢਿਆ ਜਾਵੇ ਤਾਂ ਕਿ ਬਾਕੀ ਸੱਤਾਧਾਰੀਆਂ ਦੇ ਸਿਰਾਂ ਤੋਂ ਸੱਤਾ ਦਾ ਨਸ਼ਾ ਉਤਰ ਸਕੇ।
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਡਿਊਟੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਕੰਮ ‘ਚ ਵਿਘਨ ਪਾਉਣ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਤੁਰੰਤ ਦਰਜ ਕੀਤਾ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਕਾਂਗਰਸੀ ਆਗੂਆਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਕਿਸ ਕਦਰ ਚੜ੍ਹਿਆ ਹੋਇਆ ਹੈ, ਹਰਮਿੰਦਰ ਸਿੰਘ ਗਿੱਲ ਨੇ ਉਸੇ ਦਾ ਟ੍ਰੇਲਰ ਦੁਹਰਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀ ਆਗੂ, ਵਿਧਾਇਕ ਅਤੇ ਮੰਤਰੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ-ਕਰਮਚਾਰੀਆਂ ਨੂੰ ਧਮਕੀਆਂ ਦੇ ਚੁੱਕੇ ਹਨ ਅਤੇ ਬਦਜ਼ੁਬਾਨੀ ਕਰ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਹਲਕੇ ‘ਚ ਹਾਲ ਹੀ ਦੌਰਾਨ ਤਾਇਨਾਤ ਹੋਏ ਐਸ.ਐਚ.ਓ ਕੋਲੋਂ ਜਿਸ ਤਰੀਕੇ ਨਾਲ ‘ਝੁਕ ਕੇ ਦੁਆ-ਸਲਾਮ’ ਭਾਲੀ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀ ਵਿਧਾਇਕ ਅਤੇ ਆਗੂ ਰਾਜਿਆਂ-ਮਹਾਰਾਜਿਆਂ ਦੇ ਦਰਬਾਰ ਵਾਲੀ ‘ਫੀਲਿੰਗ’ ਲੈ ਬੈਠੇ ਹਨ ਅਤੇ ਇਹੋ ਵਤੀਰਾ ਕਾਂਗਰਸੀਆਂ ਨੂੰ ਲੈ ਕੇ ਬੈਠੇਗਾ, ਕਿਉਂਕਿ ਇਹ ਲੋਕਤੰਤਰ ਹੈ ਅਤੇ ਲੋਕ ਜਦੋਂ ਧਾਰ ਲੈਣ ਤਾਂ ਪੱਤਾ ਸਾਫ਼ ਕਰਨ ‘ਚ ਟਾਈਮ ਨਹੀਂ ਲਗਾਉਂਦੇ।
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਪੱਖ ਅਤੇ ਦਰਿਆ ਦਿਲੀ ਦਿਖਾਉਂਦੇ ਹੋਏ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਕਾਨੂੰਨੀ ਅਤੇ ਪਾਰਟੀ ਪੱਧਰ ‘ਤੇ ਮਿਸਾਲੀਆ ਕਾਰਵਾਈ ਕਰਨੀ ਚਾਹੀਦੀ ਹੈ।