ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਸੋਮਵਾਰ ਨੂੰ ਪਾਰਟੀ ਦੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਹੋਰ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਖਿਲਾਫ ਰਾਜ ਭਵਨ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ, ਚੰਡੀਗੜ੍ਹ ਪੁਲਿਸ ਵੱਲੋਂ ਐਮਐਲਏ ਹੋਸਟਲ ਦੇ ਬਾਹਰ ਹੀ ਬੈਰੀਕੇਡਿੰਗ ਲਗਾ ਕੇ ਰੋਕਿਆ ਗਿਆ ਤਾਂ ਪਾਰਟੀ ਨੇ ਉਥੇ ਹੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਮਹਿੰਗਾਈ ਤੋਂ ਤ੍ਰਸਦ ਆਮ ਜਨ ਦੀ ਪੀੜਾਂ ਕੇਂਦਰ ਸਰਕਾਰ ਤੱਕ ਪੁੱਜਦੀ ਕਰਨ ਲਈ ਪ੍ਰਦਰਸ਼ਨ ਵਿਚ ਖਾਲੀ ਸਿਲੰਡਰ ਨਾਲ ਪੁੱਜੇ।
'ਕੇਂਦਰ ਸਰਕਾਰ ਕਾਰਪੋਰੇਟਾਂ ਦੀ ਸਰਕਾਰ'
ਇਸ ਮੌਕੇ ਮਹਿੰਗਾਈ ਤੋਂ ਤ੍ਰਸਦ ਆਮ ਜਨ ਦੀ ਪੀੜਾਂ ਕੇਂਦਰ ਸਰਕਾਰ ਤੱਕ ਪੁੱਜਦੀ ਕਰਨ ਲਈ ਪ੍ਰਦਰਸ਼ਨ ਵਿੱਚ ਖਾਲੀ ਸਿਲੰਡਰ ਨਾਲ ਪੁੱਜੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ 2014 ਵਿੱਚ ਗਰੀਬ ਦੇ ਨਾਂਅ 'ਤੇ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਈ ਸੀ, ਪਰ ਅੱਜ ਇਸ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ, ਕਿਸਾਨਾਂ, ਛੋਟੇ ਵਪਾਰੀ ਅਤੇ ਮੱਧ ਵਰਗ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਦਿੱਤਾ ਹੈ ਅਤੇ ਇਹ ਕੇਂਦਰ ਸਰਕਾਰ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ 2008 ਵਿਚ ਕੱਚੇ ਤੇਲ ਦੀ ਕੀਮਤ 147 ਡਾਲਰ ਪ੍ਰਤੀ ਬੈਰਲ ਸੀ, ਜਦਕਿ ਅੱਜ ਇਹ ਲਗਭਗ 60 ਡਾਲਰ ਦੇ ਭਾਂਅ ਹੈ। ਜਦਕਿ, ਹੁਣ ਤਦ ਦੇ ਮੁਕਾਬਲੇ ਕਿਤੇ ਮਹਿੰਗਾ ਤੇਲ ਵੇਚ ਕੇ ਮੋਦੀ ਸਰਕਾਰ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ। ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋਈ ਕਮੀ ਅਨੁਸਾਰ ਤਾਂ ਡੀਜਲ ਦੀ ਕੀਮਤ 30 ਰੁਪਏ, ਪੈਟਰੋਲ ਦੀ ਕੀਮਤ 35 ਰੁਪਏ ਤੇ ਗੈਸ ਸਿਲੰਡਰ ਦੀ ਕੀਮਤ 300 ਰੁਪਏ ਬਣਦੀ ਹੈ, ਪਰ ਮੋਦੀ ਸਰਕਾਰ ਪੂੰਜੀਪਤੀਆਂ ਨੂੰ ਲਾਭ ਦੇਣ ਲਈ ਆਮ ਲੋਕਾਂ ਨੂੰ ਲੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਿੱਛਲੇ 6 ਸਾਲਾਂ ਵਿੱਚ ਤੇਲ ਤੋਂ 29.46 ਲੱਖ ਕਰੋੜ ਰੁਪਏ ਦਾ ਟੈਕਸ ਵਸੂਲ ਚੁੱਕੀ ਹੈ ਅਤੇ ਇਸ ਵਿਚੋਂ ਨਾ ਤਾਂ ਰਾਜਾਂ ਨੂੰ ਕੁਝ ਦਿੱਤਾ ਹੈ ਅਤੇ ਨਾ ਹੀ ਆਮ ਜਨ ਦੀ ਭਲਾਈ ਲਈ ਕੁੱਝ ਕੀਤਾ ਹੈ। ਜਾਖੜ ਨੇ ਕਿਹਾ ਕਿ ਜਦ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਤਾਂ ਉਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਤੇਲ ਪੰਪ ਨਹੀਂ ਸੀ ਚੱਲਣ ਦਿੱਤੇ ਪਰ, ਹੁਣ ਨਰਿੰਦਰ ਮੋਦੀ ਸਰਕਾਰ ਪ੍ਰਾਈਵੇਟ ਕੰਪਨੀਆਂ ਦੇ ਪੰਪ ਚਲਾਵਾ ਕੇ ਉਨਾਂ ਨੂੰ ਲਾਭ ਦੇਣ ਲਈ ਲਗਾਤਾਰ ਤੇਲ ਕੀਮਤਾਂ ਵਿਚ ਵਾਧਾ ਕਰ ਰਹੀ ਹੈ।
ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਹ ਪ੍ਰਦਰਸ਼ਨ ਇਸੇ ਲਈ ਉਲੀਕਿਆ ਗਿਆ ਹੈ ਕਿ ਰਾਜਪਾਲ ਸੂਬੇ ਦੇ ਲੋਕਾਂ ਦੀ ਪੀੜਾ ਕੇਂਦਰ ਸਰਕਾਰ ਤੱਕ ਪੁੱਜਦੀ ਕਰਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਤੇ ਵੀ ਤੰਜ ਕੱਸਿਆ, ਜੋ ਲੋਕਾਂ ਨਾਲ ਜੁੜੇ ਸਰੋਕਾਰਾਂ ਨੂੰ ਚੁੱਕਣ ਦੀ ਬਜਾਏ ਭਾਜਪਾ ਦੇ ਏਂਜਡੇ ਨੂੰ ਲਾਗੂ ਕਰਨ ਵਿਚ ਲੱਗੀਆਂ ਹੋਈਆਂ ਹਨ। ਉਨਾਂ ਕਿਹਾ ਕਿ ਇਹ ਪਾਰਟੀਆਂ ਕੇਂਦਰ ਸਰਕਾਰ ਵੱਲੋਂ ਵਧਾਈ ਜਾ ਰਹੀ ਮਹਿੰਗਾਈ ਖਿਲਾਫ ਨਹੀਂ ਬੋਲ ਰਹੀਆਂ ਹਨ।
ਇਹ ਵੀ ਪੜ੍ਹੋ: ਕੁਝ ਸੀਨੀਅਰ ਆਗੂ ਕਾਂਗਰਸ ਨੂੰ ਕਰ ਰਹੇ ਕਮਜ਼ੋਰ: ਜਾਖੜ