ਚੰਡੀਗੜ੍ਹ : 21 ਤਾਰੀਖ਼ ਨੂੰ ਬਾਘਾ ਪੁਰਾਣਾ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨ ਮਹਾਂ ਸੰਮੇਲਨ ਵਿੱਚ ਸ਼ਿਰਕਤ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬ ਦੀ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਆਪ ਵੱਲੋਂ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਉਸ ਨੂੰ ਲੈ ਕੇ ਆਪ ਦੇ ਇੰਚਾਰਜ ਜਰਨੈਲ ਸਿੰਘ ਨਾਲ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਸਵਾਲ: ਆਮ ਆਦਮੀ ਪਾਰਟੀ ਕਿਸਾਨ ਸੰਮੇਲਨ ਕਰਵਾ ਰਹੀ ਹੈ ਜਾਂ 2022 ਦੀ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਰਹੀ ?
ਜਵਾਬ: ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਭਾਜਪਾ ਦਾ ਹਰ ਸੂਬੇ ਵਿੱਚ ਘਿਰਾਓ ਕਰ ਰਹੇ ਹਨ ਅਤੇ ਕਿਸਾਨਾਂ ਦੀ ਆਵਾਜ਼ ਚੁੱਕਣ ਲਈ ਆਮ ਆਦਮੀ ਪਾਰਟੀ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਤੇ ਧਰਨੇ ਪ੍ਰਦਰਸ਼ਨ ਮੁਜ਼ਾਹਰਿਆਂ ਉੱਤੇ ਵੱਡੀਆਂ ਰੈਲੀਆਂ ਨਾਲ ਹੀ ਸਰਕਾਰਾਂ ਉੱਪਰ ਦਬਾਅ ਪਾਇਆ ਜਾਂਦਾ ਹੈ ਤੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਹੱਲ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਨੂੰ ਕੱਢਣਾ ਪਵੇਗਾ।
ਸਵਾਲ: ਕੀ ਬਾਘਾਪੁਰਾਣਾ ਰੈਲੀ ਵਿੱਚ ਆਮ ਆਦਮੀ ਪਾਰਟੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ?
ਜਵਾਬ: ਜਰਨੈਲ ਸਿੰਘ ਨੇ ਬਾਘਾਪੁਰਾਣਾ ਦੀ ਰੈਲੀ ਵਿੱਚ ਆ ਰਹੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਬਾਰੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਇੰਨਾ ਜ਼ਰੂਰ ਕਿਹਾ ਕਿ ਉਹ ਸਿਰਫ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੈਲੀ ਕਰ ਰਹੇ ਹਨ ਹਾਲਾਂਕਿ ਭਗਵੰਤ ਮਾਨ ਵੱਲੋਂ ਕੱਲ ਪ੍ਰੈੱਸ ਕਾਨਫਰੰਸ ਕਰ ਕਿਹਾ ਗਿਆ ਸੀ ਕਿ ਬਾਘਾਪੁਰਾਣਾ ਦੀ ਰੈਲੀ ਵਿੱਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਸਵਾਲ: 2022 ਲਈ ਅਕਾਲੀ ਦਲ ਉਮੀਦਵਾਰ ਐਲਾਨ ਰਿਹਾ ਹੈ ਤਾਂ ਤੁਸੀਂ ਲੇਟ ਕਿਉਂ ਹੋ ਰਹੇ ਹੋ ?
ਜਵਾਬ: ਦਸ ਦੇਈਏ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਸਣੇ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੇਕਿਨ ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਕਾਫੀ ਸਮਾਂ ਹੈ ਪਰ ਉਹ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਫੋਕਸ ਕਰ ਰਹੇ ਹਨ ਤੇ ਹਰ ਇੱਕ ਸਿਆਸੀ ਪਾਰਟੀ ਨੇ ਇਲੈਕਸ਼ਨ ਲੜਨੀ ਹੈ ਅਤੇ ਉਨ੍ਹਾਂ ਵੱਲੋਂ ਉਮੀਦਵਾਰ ਇਸੇ ਕਾਰਨ ਐਲਾਨੇ ਜਾ ਰਹੇ ਹਨ ਤੇ ਉਹ ਵੀ ਜਲਦ ਐਲਾਨ ਕਰਨਗੇ।
ਸਵਾਲ: ਕੀ ਭਗਵੰਤ ਮਾਨ ਵਿਧਾਨ ਸਭਾ ਵਿੱਚ ਆਪ ਨੂੰ ਲੀਡ ਕਰਦੇ ਦਿਖਾਈ ਦੇਣਗੇ ?
ਜਵਾਬ: ਜਰਨੈਲ ਸਿੰਘ ਨੇ ਇੰਨਾ ਜ਼ਰੂਰ ਕਿਹਾ ਕਿ 21 ਤਾਰੀਖ਼ ਦੀ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਤੋਂ ਇਲਾਵਾ ਹਰ ਇੱਕ ਵਿਧਾਨ ਸਭਾ ਸੀਟ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ 21 ਤਰੀਕ ਨੂੰ ਬਾਘਾ ਪੁਰਾਣਾ ਵਿਖੇ ਇਕ ਇਤਿਹਾਸਕ ਇਕੱਠ ਕੀਤਾ ਜਾਵੇਗਾ।
ਸਵਾਲ: ਕੀ ਆਮ ਆਦਮੀ ਪਾਰਟੀ ਦਲਿਤ ਲੀਡਰ ਨੂੰ ਵੱਡਾ ਚਿਹਰਾ ਵੀ ਪੰਜਾਬ 'ਚ ਐਲਾਨੇਗੀ ?
ਜਵਾਬ: ਜਰਨੈਲ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਇੱਕ ਵਰਗ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜੀਆਂ ਜਾਂਦੀਆਂ ਹਨ ਅਤੇ ਹਰ ਇਕ ਸਿਆਸੀ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਕਰਦੀ ਹੈ ਲੇਕਿਨ ਕਿੰਨੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਕੀਤੇ ਇਹ ਵੱਡਾ ਵਿਸ਼ਾ ਹੈ ਲੋਕ ਵੀ ਕਾਂਗਰਸ ਸਰਕਾਰ ਤੋਂ ਅਖੀਰਲੇ ਸਾਲ ਪੂਰੇ ਜਵਾਬ ਮੰਗਣਗੇ ਕਿ ਕਿਹੜੇ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਲੋਕਾਂ ਕੋਲ ਉਦਾਹਰਣ ਵਜੋਂ ਦਿੱਲੀ ਦੀ ਸਰਕਾਰ ਹੈ ਜੋ ਆਪਣੇ ਵਾਅਦੇ ਪੂਰੇ ਕਰਕੇ ਤਿੰਨ ਵਾਰ ਭਾਜਪਾ ਸਰਕਾਰ ਦੀ ਪਿੱਠ ਲਾ ਕੇ ਆਪ ਦੀ ਸਰਕਾਰ ਬਣਾ ਚੁੱਕੀ ਹੈ।
ਸਵਾਲ: ਕੀ ਮਾਲਵਾ ਮਾਝਾ ਦੁਆਬਾ ਹਲਕਿਆਂ ਨੂੰ ਲੀਡ ਕਰਦੇ ਵੱਡੇ ਆਗੂ ਆਪ ਵੱਲੋਂ ਐਲਾਨੇ ਜਾਣਗੇ ?
ਜਵਾਬ: ਜਰਨੈਲ ਸਿੰਘ ਨੇ ਕਿਹਾ ਕਿ ਹਰ ਇੱਕ ਖੇਤਰ ਨੂੰ ਧਿਆਨ ਰੱਖਦਿਆਂ ਹੀ ਵੱਡੇ ਚਿਹਰੇ ਐਲਾਨੇ ਜਾਣਗੇ ਅਤੇ ਸਭ ਤੋਂ ਵੱਡਾ ਮੁੱਦਾ ਉਨ੍ਹਾਂ ਦਾ ਵਿਕਾਸ ਮਾਡਲ ਹੋਵੇਗਾ ਦਿੱਲੀ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰ ਕੰਮ ਕਰਵਾਏ ਹਨ ਉਹੀ ਵਾਅਦੇ ਪੰਜਾਬ ਦੇ ਲੋਕਾਂ ਨੂੰ ਕੀਤੇ ਜਾਣਗੇ।
ਜੇਕਰ ਗੱਲ ਕੀਤੀ ਜਾਵੇ ਤਾਂ ਮਾਲਵਾ ਵਿੱਚੋਂ ਭਗਵੰਤ ਮਾਨ ਅਤੇ ਦੁਆਬੇ ਵਿੱਚੋਂ ਕਿਸੇ ਦਲਿਤ ਲੀਡਰ ਸਣੇ ਮਾਝੇ ਵਿੱਚ ਖੇਤਰ ਨੂੰ ਧਿਆਨ ਵਿੱਚ ਰੱਖਦਿਆਂ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿਚ ਐਂਟਰੀ ਮਾਰੇਗੀ ਅਤੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਮੁੱਖ ਰੱਖੇਗੀ।