ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਦਰਅਸਲ 10 ਜਨਵਰੀ 2020 ਨੂੰ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਾ ਘੇਰਾਓ ਕੀਤਾ ਸੀ। ਇਸ ਦੌਰਾਨ ਸੈਕਟਰ 3 ਥਾਣੇ ਦੀ ਪੁਲਿਸ ਨੇ ‘ਆਪ’ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 'ਆਪ' ਆਗੂਆਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ‘ਆਪ’ ਆਗੂਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਸਬੰਧ ਵਿੱਚ ਭਗਵੰਤ ਮਾਨ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਹੁੰਚੇ ਸੀ।
ਦੱਸ ਦਈਏ ਕਿ ਸਵੇਰੇ 10.15 ਵਜੇ ਦੇ ਕਰੀਬ ਭਗਵੰਤ ਮਾਨ ਪੁਲਿਸ ਸੁਰੱਖਿਆ ਹੇਠ ਜ਼ਿਲ੍ਹਾ ਅਦਾਲਤ ਵਿੱਚ ਆਏ ਸੀ। ਇਸ ਮਾਮਲੇ ਦੀ ਸੁਣਵਾਈ ਇੱਥੇ ਸੀਜੇਐਮ ਅਦਾਲਤ ਵਿੱਚ ਹੋਈ। ਮੁੱਢਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਆਪ ਆਗੂਆਂ ਨੂੰ ਅਪਰਾਧਿਕ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਇਸ ਮਾਮਲੇ ਵਿੱਚ ਭਗਵੰਤ ਮਾਨ ਦਾ ਨਾਂ ਵੀ ਸ਼ਾਮਲ ਹੈ। ਇਸ ਕਾਰਨ ਉਹ ਅਦਾਲਤ ਪਹੁੰਚੇ ਸੀ।
ਇਸ ਮਸਲੇ ’ਤੇ ਕੀਤਾ ਸੀ ਪ੍ਰਦਰਸ਼ਨ: ਕਾਬਿਲੇਗੌਰ ਹੈ ਕਿ ਪੰਜਾਬ ’ਚ ਬਿਜਲੀ ਦੇ ਮੁੱਦੇ ’ਤੇ ਪ੍ਰਦਰਸ਼ਨ ਹੋਇਆ ਸੀ ਜਨਵਰੀ 2020 'ਚ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬਿਜਲੀ ਦੇ ਮੁੱਦੇ 'ਤੇ ਤਤਕਾਲੀ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ। 'ਆਪ' ਦੇ ਸੈਂਕੜੇ ਵਰਕਰਾਂ ਨੇ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਸੀ।
'ਆਪ' ਵਰਕਰਾਂ ਖਿਲਾਫ ਮਾਮਲਾ ਦਰਜ: ਪੁਲਿਸ ਨੇ ‘ਆਪ’ ਆਗੂਆਂ ਸਮੇਤ ਕਈ ਅਣਪਛਾਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਭਗਵੰਤ ਮਾਨ ਅਤੇ ਹੋਰਾਂ 'ਤੇ ਦੰਗਾ, ਕੁੱਟਮਾਰ, ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ 800 ਅਣਪਛਾਤੇ ਮਜ਼ਦੂਰਾਂ ਖ਼ਿਲਾਫ਼ ਵੀ ਇਹ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜੋ: ਅੰਮ੍ਰਿਤਸਰ ਏਅਰਪੋਰਟ ਪਹੁੰਚੇ CWG 2022 ਦੇ ਖਿਡਾਰੀ, ਵੇਟਲਿਫਟਰ ਲਵਪ੍ਰੀਤ ਦੇ ਪਿਤਾ ਹੋਏ ਬੇਹੋਸ਼