ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਨੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਐਲਾਨ ਕੀਤਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ 'ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ' ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ (ਥੀਮ ਪਾਰਕ) (Theme park) ਅਤੇ ਹੈਰੀਟੇਜ ਸਟਰੀਟ (Heritage Street) ਦਾ ਉਦਘਾਟਨ ਨਵੰਬਰ ਦੇ ਅੱਧ ਤੱਕ ਕੀਤਾ ਜਾਵੇਗਾ।
ਇਸ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਥੀਮ ਪਾਰਕ ਵਿੱਚ ਅਤਿ-ਆਧੁਨਿਕ ਉਪਕਰਣ ਜਿਵੇਂ ਕਿ ਰਿਵਾਲਵਿੰਗ ਥੀਏਟਰ, ਡੋਮ, ਸਟੈਟਿਕ ਸੈੱਟ, ਲਾਈਵ ਐਕਸ਼ਨ ਸਟੂਡੀਓ, ਸੈੱਟ ਅਤੇ ਲਾਈਵ ਸ਼ੂਟ ਦਾ ਮਿਸ਼ਰਣ, ਡਬਲ ਸਕਰੀਨਾਂ ਵਾਲੀ 270 ਡਿਗਰੀ ਸਕ੍ਰੀਮ ਪ੍ਰੋਜੇਕਸ਼ਨ ਸਕਰੀਨ, ਸੈੱਟ ਸਮੇਤ ਕੰਧ ਚਿੱਤਰ, ਰਿਵਾਲਵਿੰਗ ਟੇਬਲ ਨਾਲ 360 ਡਿਗਰੀ ਸਕ੍ਰੀਨ, ਪ੍ਰੋਜੈਕਸ਼ਨ ਨਾਲ ਹੋਲੋਗ੍ਰਾਮ, 270 ਡਿਗਰੀ ਮੈਪਿੰਗ ਅਤੇ 3ਡੀ ਐਨੀਮੇਸ਼ਨ ਨਾਲ ਲੈਸ 11 ਗੈਲਰੀਆਂ ਹੋਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਉਦਘਾਟਨ ਪੂਰੇ ਧੂਮ-ਧਾਮ (ਖਾਲਸਾਈ ਜਾਹੋ ਜਲਾਲ) ਨਾਲ ਕੀਤਾ ਜਾਵੇਗਾ ਅਤੇ ਇਸ ਮੈਗਾ ਸਮਾਗਮ ਲਈ ਹਰ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸਮਾਗਮ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗੀ ਕਮੇਟੀਆਂ ਦੇ ਗਠਨ ਦੇ ਨਿਰਦੇਸ਼ ਦਿੱਤੇ। ਚੰਨੀ ਨੇ ਅੱਗੇ ਕਿਹਾ ਕਿ ਡੀਸੀ ਰੂਪਨਗਰ ਨੂੰ ਸਮੁੱਚਾ ਕੋਆਰਡੀਨੇਟਰ ਬਣਾਇਆ ਗਿਆ ਹੈ ਅਤੇ ਐਸ.ਐਸ.ਪੀ ਨੂੰ ਨਿਰਵਿਘਨ ਆਵਾਜਾਈ ਦੇ ਨਾਲ-ਨਾਲ ਪਾਰਕਿੰਗ ਲਈ ਵੱਧ ਥਾਵਾਂ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਸੜਕਾਂ 'ਤੇ ਭੀੜ-ਭੜੱਕੇ ਤੋਂ ਬਚਿਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ (ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ) ਸੰਜੈ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ (ਪੀ.ਡਬਲਿਊ.ਡੀ.) ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ ਸਿਨਹਾ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕਮਲਦੀਪ ਕੌਰ ਬਰਾੜ, ਡਾਇਰੈਕਟਰ ਸਥਾਨਕ ਸਰਕਾਰਾਂ ਪੁਨੀਤ ਗੋਇਲ, ਡੀਸੀ ਰੂਪਨਗਰ ਸੋਨਾਲੀ ਗਿਰੀ ਅਤੇ ਐੱਸਐੱਸਪੀ ਰੂਪਨਗਰ ਵਿਵੇਕ ਸ਼ੀਲ ਸੋਨੀ ਸ਼ਾਮਲ ਸਨ।
ਇਹ ਵੀ ਪੜ੍ਹੋ-ਕੈਪਟਨ ਨੇ ਬਣਾਈ ਨਵੀਂ 'ਪੰਜਾਬ ਲੋਕ ਕਾਂਗਰਸ' ਪਾਰਟੀ