ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਲੀ ਜਾਣ ਸਮੇਂ ਕੜਾਕੇ ਦੀ ਠੰਢ ਦੌਰਾਨ ਜਲ ਤੋਪਾਂ ਨਾਲ ਮਾਰਿਆ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਬਕਾ ਮੰਤਰੀ ਨਵਜੋਤ ਸਿੱਧ ਸਿੱਧੂ ਨੂੰ ਸ਼ਾਹੀ ਦਾਅਵਤਾਂ ਦੇ ਰਹੇ ਸਨ।
ਮੁੱਖ ਮੰਤਰੀ ਦੇ ਇਸ ਅਸੰਵੇਦਨਸ਼ੀਲ ਰਵੱਈਆ ਦੀ ਤੁਲਨਾ ਬਾਦਸ਼ਾਹ ਨੀਰੋ, ਜੋ ਰੋਮ ਦੇ ਸੜਨ ਵੇਲੇ ਬੰਸਰੀ ਵਜਾ ਰਿਹਾ ਸੀ, ਨਾਲ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਾਰੇ ਰੁਝੇਵੇਂ ਰੱਦ ਕਰ ਕੇ ਕਿਸਾਨਾਂ ਨਾਲ ਕਿਸੇ ਤਰੀਕੇ ਦਾ ਵੀ ਹਰਿਆਣਾ ਪੁਲਿਸ ਦੇ ਹੱਥੋਂ ਵਹਿਸ਼ੀਆਨਾ ਵਿਵਹਾਰ ਨਾ ਹੋਣਾ ਯਕੀਨੀ ਬਣਾਉਣ ਦੀ ਥਾਂ ਮੁੱਖ ਮੰਤਰੀ ਨੇ ਆਪਣੇ ਸਾਬਕਾ ਮੰਤਰੀ ਨੇ ਸ਼ਾਹੀ ਦਾਅਵਤ ਦੇਣ ਨੂੰ ਪਹਿਲ ਦਿੱਤੀ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਪੀੜਾ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਕਿਸਾਨ ਦਿੱਲੀ ਜਾਣ ਲੱਗੇ ਤਾਂ ਇਨ੍ਹਾਂ 'ਤੇ ਜਲ ਤੋਪਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਹੁੰਦਿਆਂ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਇਹ ਯਕੀਨੀ ਬਣਾਉਣੇ ਕਿ ਪੰਜਾਬ ਦੇ ਕਿਸਾਨਾਂ ਨਾਲ ਜ਼ੁਲਮ ਨਾ ਹੁੰਦੇ। ਉਨ੍ਹਾਂ ਕਿਹਾ ਕਿ ਇਹ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਇਹ ਮਾਮਲਾ ਤੁਰੰਤ ਕੇਂਦਰ ਸਰਕਾਰ ਕੋਲ ਚੁੱਕਦੇ ਪਰ ਤੁਸੀਂ ਆਪਣੀ ਸ਼ਾਹੀ ਦਾਅਵਤ ਵਿੱਚ ਰੁੱਝੇ ਰਹਿਣ ਨੂੰ ਪਹਿਲ ਦਿੱਤੀ।
ਮੁੱਖ ਮੰਤਰੀ ਨੂੰ ਅੱਖਾਂ ਖੋਲ ਕੇ ਵਾਪਰ ਰਹੇ ਦੁਖਾਂਤ ਨੂੰ ਵੇਖਣ ਲਈ ਆਖਦਿਆ ਡਾ. ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਵੱਲੋਂ ਉਠਾਏ ਮਸਲੇ ਕੇਂਦਰ ਕੋਲ ਤੁਰੰਤ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਜਿਣਸਾਂ ਦੀ ਕੇਂਦਰ ਸਰਕਾਰ ਵੱਲੋਂ ਐਮਐਸਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਣੀ ਯਕੀਨੀ ਬਣਾਉਣ ਦਾ ਮਾਮਲਾ ਚੁੱਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਹੋਰ ਸਾਰੀਆਂ ਸ਼ਿਕਾਇਤਾਂ ਵੀ ਕੇਂਦਰ ਕੋਲ ਚੁੱਕ ਕੇ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਖੁਦ ਪਾਰਟੀ ਕਰਨ ਵਿਚ ਮੌਜ ਮਸਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ।