ਲੁਧਿਆਣਾ: ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੇ ਅੰਦਰ ਗੋਹਾ ਸੁੱਟਣ ਦੀ ਬੀਤੇ ਦਿਨ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਹੁਣ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਖ਼ਤ ਐਕਸ਼ਨ ਮੋਡ ਦੇ ਵਿੱਚ ਆ ਗਏ ਹਨ। ਸੀਚੇਵਾਲ ਵੱਲੋਂ ਅੱਜ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਬੁੱਢੇ ਨਾਲੇ ਵਿੱਚ ਗੋਹਾ ਸੁੱਟਣ ਵਾਲੀਆਂ ਡਾਇਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਟਰਾਲੀਆਂ ਦੇ ਵਿੱਚ ਗੋਹਾ ਪਾਉਣਗੇ। ਉਨ੍ਹਾਂ ਨੇ ਕਿਹਾ ਕਿ 3000 ਦੇ ਕਰੀਬ ਇੰਨਾਂ ਡਾਇਰੀਆਂ ਦੇ ਵਿੱਚ ਪਸ਼ੂ ਹਨ। ਜਿੰਨਾਂ ਦੇ ਲਈ ਰੋਜ਼ਾਨਾ ਗੋਹਾ ਸੁੱਟਣ ਲਈ 15 ਟਰਾਲੀਆਂ ਦੀ ਲੋੜ ਹੈ।
ਗੋਹਾ ਚੁੱਕਣ ਵਾਲੀਆਂ ਟਰਾਲੀਆਂ ਲਵਾਈਆਂ
ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਅਸੀਂ ਆਪਣੇ ਖਰਚੇ 'ਤੇ ਹੀ ਗੋਹਾ ਚੁੱਕਣ ਵਾਲੀਆਂ ਟਰਾਲੀਆਂ ਲਵਾਈਆਂ ਹਨ। ਦੋ ਮਹੀਨੇ ਤੱਕ ਇਹ ਮੁਫਤ ਦੇ ਵਿੱਚ ਗੋਹਾ ਚੁੱਕਣਗੀਆਂ। ਉਸ ਤੋਂ ਬਾਅਦ ਅਸੀਂ ਕਹਿ ਦਿੱਤਾ ਹੈ ਕਿ ਇਸ ਦਾ ਹੱਲ ਖੁਦ ਡਾਇਰੀਆਂ ਦੇ ਸੰਚਾਲਕ ਕਰਨਗੇ। ਸੰਤ ਸੀਚੇਵਾਲ ਨੇ ਕਿਹਾ ਕਿ ਰਾਜਸਭਾ ਦੇ ਵਿੱਚ ਵੀ ਉਨ੍ਹਾਂ ਨੇ ਤਿੰਨ ਵਾਰ ਇਹ ਮੁੱਦਾ ਚੁੱਕਿਆ ਹੈ ਪਰ ਇਸ ਮਾਮਲੇ ਵਿੱਚ ਪਹਿਲਾਂ ਸੂਬਾ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ, ਉਸਤੋਂ ਬਾਅਦ ਹੀ ਕੇਂਦਰ ਸਰਕਾਰ ਕੁਝ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਬੁੱਢੇ ਨਾਲੇ ਵਿੱਚ ਜੋ ਗੰਦਗੀ ਫੈਲਾਈ ਜਾ ਰਹੀ ਹੈ ਇਹ ਕਾਨੂੰਨ ਦੀ ਉਲੰਘਣਾ ਕਰਨ ਦੇ ਬਰਾਬਰ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਦੇ ਮੁਤਾਬਿਕ ਹੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਿਰਫ ਇੱਕ ਹੀ ਮਕਸ਼ਦ ਹੈ ਮਸਲੇ ਦਾ ਹੱਸ ਕਰਨਾ।
ਫੈਕਟਰੀਆਂ ਫੈਲਾ ਰਹੀਆਂ ਪ੍ਰਦੂਸ਼ਣ
ਬੀਤੇ ਦਿਨ੍ਹੀਂ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਨ ਫੈਲਾ ਰਹੀਆਂ ਸਨ, ਉਨ੍ਹਾਂ 'ਤੇ ਕਾਰਵਾਈ ਕੀਤੀ ਗਈ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਵੀ ਕਿਹਾ ਕਿ ਜਿਹੜੇ ਸਮਾਜ ਸੇਵੀ ਬੁੱਢੇ ਨਾਲੇ 'ਤੇ ਬੰਨ ਲਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਜਰੂਰ ਲਾਉਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਕਿਸ ਨੇ ਉਸ ਦਿਨ ਰੋਕ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੇਰੇ ਨਾਲ ਕੋਈ ਗੱਲਬਾਤ ਹੀ ਨਹੀਂ ਕੀਤੀ ਗਈ। ਬਲਬੀਰ ਸਿੰਘ ਸੀਚੇਵਾਲ ਕਿਹਾ ਕਿ ਜਦੋਂ ਤੱਕ ਗੱਲਬਾਤ ਨਹੀਂ ਕਰਨਗੇ ਤਾਂ ਇਸ ਦਾ ਹੱਲ ਕਿਵੇਂ ਹੋਵੇਗਾ। ਸੀਚੇਵਾਲ ਨੇ ਕਿਹਾ ਕਿ ਲਗਾਤਾਰ ਯਤਨ ਕਰ ਰਹੇ ਹਨ ਕਿ ਇਸ ਦਾ ਹੱਲ ਹੋਵੇ।