ਲੁਧਿਆਣਾ: ਅੱਜ ਪੂਰੇ ਵਿਸ਼ਵ ਭਰ 'ਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਕ੍ਰਿਸਚਨ ਭਾਈਚਾਰਾ ਰਹਿੰਦਾ ਹੈ। ਜਿੰਨਾਂ ਵੱਲੋਂ ਅੱਜ ਗਿਰਜਾ ਘਰਾਂ 'ਚ ਜਾ ਕੇ ਸਵੇਰ ਤੋਂ ਹੀ ਪ੍ਰਾਰਥਨਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਜੇਕਰ ਕ੍ਰਿਸਚਨ ਧਰਮ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ 'ਚ ਪਹਿਲੀ ਚਰਚ 1834 ਦੌਰਾਨ ਸਥਾਪਿਤ ਕੀਤੀ ਗਈ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ
ਜਦੋਂ ਪੰਜਾਬ 'ਚ ਪਹਿਲੀ ਚਰਚ ਬਣਾਈ ਗਈ ਉਸ ਸਮੇਂ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਦੋਂ ਸਤਲੁਜ ਦਰਿਆ ਦੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਅਤੇ ਇੱਕ ਪਾਸੇ ਅੰਗਰੇਜ਼ੀ ਹਕੂਮਤ ਸੀ। ਅੰਗਰੇਜ਼ੀ ਹਕੂਮਤ ਵਿੱਚ ਅਫਸਰਾਂ ਦੇ ਇਸਾਈ ਧਰਮ ਨਾਲ ਜੁੜੇ ਹੋਣ ਕਰਕੇ ਪੰਜਾਬ 'ਚ ਇਹ ਪਹਿਲੀ ਚਰਚ ਲੁਧਿਆਣਾ ਸ਼ਹਿਰ ਵਿੱਚ ਬਣਾਈ ਗਈ। ਹਾਲਾਂਕਿ ਅਜੋਕੇ ਸਮੇਂ ਦੌਰਾਨ ਇਸ ਦੀਆਂ ਕਈ ਵੱਡੀਆਂ ਇਮਾਰਤਾਂ ਬਣ ਚੁੱਕੀਆਂ ਨੇ ਪਰ ਪੁਰਾਣੀ ਚਰਚ ਦੀ ਉਸਾਰੀ ਮੁੜ ਤੋਂ 19ਵੀਂ ਸਦੀ 'ਚ ਕਰਵਾਈ ਗਈ ਕਿਉਂਕਿ ਇਸ ਚਰਚ ਨੂੰ ਜਲਾ ਦਿੱਤਾ ਗਿਆ ਸੀ।
ਦੁਨੀਆਂ 'ਚ ਮਸ਼ਹੂਰ ਚਰਚ
ਤੁਾਹਨੂੰ ਦੱਸ ਦੇਈਏ ਕਿ ਇਸ ਚਰਚ ਨੂੰ 1849 ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਬਣਾਇਆ ਗਿਆ। 1877 ਦੌਰਾਨ ਚਰਚ ਦੇ ਅੰਦਰ ਮਿਸ਼ਨ ਜੁਬਲੀ ਮੈਮੋਰੀਅਲ ਟਾਵਰ ਦਾ ਨਿਰਮਾਣ ਕੀਤਾ ਗਿਆ ਅਤੇ 30 ਅਪ੍ਰੈਲ 1972 ਵਿੱਚ ਪਹਿਲਾਂ ਇਸ ਚਰਚ ਦਾ ਨਾਮ ਪ੍ਰੈਸਬਿਟੇਰੀਅਨ ਚਰਚ ਸੀ ਪਰ ਬਾਅਦ ਵਿੱਚ ਇਸ ਦਾ ਨਾਂ ਬਦਲ ਕੇ ਕੈਲਵਰੀ ਚਰਚ ਰੱਖਿਆ ਗਿਆ ਜੋ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ।
ਚਰਚ ਨੂੰ ਹਟਾਉਣ ਦੀ ਕੋਸ਼ਿਸ਼
ਕ੍ਰਿਸਮਿਸ ਮੌਕੇ ਚਰਚ ਦੇ ਪ੍ਰਬੰਧਕਾਂ ਅਤੇ ਇਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਚਰਚ ਹੈ। ਉਨ੍ਹਾਂ ਦੱਸਿਆ ਕਿ ਇਸ ਚਰਚ ਨੂੰ ਅੱਗ ਲਗਾਉਣ ਤੋਂ ਬਾਅਦ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਮੇਂ ਦੇ ਨਾਲ ਪ੍ਰਭੂ ਨੇ ਇਸ ਦਾ ਮੁੜ ਵਿਸਥਾਰ ਕੀਤਾ। ਉਹਨਾਂ ਕਿਹਾ ਕਿ ਇਸ ਚਰਚੇ ਦੀ ਵਿਸ਼ੇਸ਼ ਮਾਨਤਾ ਹੈ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਲੋਕ ਦੂਰ-ਦੂਰ ਤੋਂ ਆਉਂਦੇ ਨੇ ਅਤੇ ਆਪਣੀਆਂ ਮੰਨਤਾਂ ਮੰਗਦੇ ਹਨ। ਉਹਨਾਂ ਦੱਸਿਆ ਕਿ ਅੱਜ ਵਿਸ਼ੇਸ਼ ਤੌਰ 'ਤੇ ਕ੍ਰਿਸਮਿਸ ਮੌਕੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸ਼ਾਮਿਲ ਹੋਣ ਦੇ ਲਈ ਕਈ ਵੱਡੀਆਂ ਸ਼ਖਸ਼ੀਅਤਾਂ ਵੀ ਪਹੁੰਚ ਰਹੀਆਂ ਹਨ।