ਬਠਿੰਡਾ : ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਛੇੜੀ ਵੱਡੀ ਮੁਹਿਮ ਤਹਿਤ ਇੱਕ ਪੁਲਿਸ ਕਰਮਚਾਰੀ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਦੀ ਸਪਲਾਈ ਕਰਦੇ ਸਨ ਜਾਂ ਫਿਰ ਇਸ ਦੇ ਆਦੀ ਹਨ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਵਲ ਲਾਈਨ ਕੁਲਦੀਪ ਸਿੰਘ ਨੇ ਦੱਸਿਆ 80 ਫੁੱਟੀ ਰੋਡ ਉੱਤੇ ਇੱਕ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਜਦੋਂ ਸ਼ੱਕ ਦੇ ਅਧਾਰ ਉੱਤੇ ਰੋਕਿਆ ਗਿਆ ਤਾਂ ਇਹਨਾਂ ਕਾਰ ਸਵਾਰਾਂ ਕੋਲੋਂ ਪੰਜ ਗ੍ਰਾਮ 95 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਹਨਾਂ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਇੱਕ ਕਮਾਂਡੋ ਹੌਲਦਾਰ ਸ਼ਾਮਲ
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਇੱਕ ਕਮਾਂਡੋ ਹੌਲਦਾਰ ਹਰਜੀਤ ਸਿੰਘ ਹੈ ਜੋ ਕਿ ਬਠਿੰਡਾ ਦੇ ਜੁਝਾਰ ਸਿੰਘ ਨਗਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਗਿਰਫਤਾਰ ਕੀਤੇ ਗਏ ਦੋ ਨੌਜਵਾਨ ਇੱਕ ਦਾ ਨਾਮ ਮਨਪ੍ਰੀਤ ਸਿੰਘ ਵਾਸੀ ਚੰਦਸਰ ਬਸਤੀ ਬਠਿੰਡਾ ਅਤੇ ਗਗਨਦੀਪ ਸਿੰਘ ਵਾਸੀ ਕੱਖਾਂ ਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਤਿੰਨ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਇਹ ਨਸ਼ਾ ਕਿੱਥੋਂ ਲੈ ਕੇ ਆਏ ਸਨ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਜਾਂ ਫਿਰ ਸਪਲਾਈ ਕਰਦੇ ਹਨ।