ਚੰਡੀਗੜ੍ਹ: ਕਾਂਗਰਸ ਦੇ ਪੰਜਾਬ (Punjab congress)ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਐਲਾਨ ਕਰ ਚੁੱਕੇ ਹਨ ਕਿ ਪਾਰਟੀ(Punjab assembly election 2022) ਦੇ ਕੌਮੀ ਆਗੂ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ਵਿਖੇ ਦੁਪਿਹਰ ਦੋ ਵਜੇ ਪੰਜਾਬ ਲਈ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਮੁੱਖ ਤੌਰ ’ਤੇ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot sidhu) ਵਿੱਚੋਂ ਕਿਸੇ ਇੱਕ ਦੇ ਨਾਮ ਦਾ ਐਲਾਨ ਹੋਣ ਦੀਆਂ ਚਰਚਾਵਾਂ ਜੋਰਾਂ ’ਤੇ ਹਨ। ਹਰੀਸ਼ ਚੌਧਰੀ ਦੇ ਐਲਾਨ ਤੋਂ ਪਹਿਲਾਂ ਸੁਨੀਲ ਜਾਖੜ ਵੀ ਮੀਡੀਆ ਵਿੱਚ ਬਿਆਨ ਦੇ ਚੁੱਕੇ ਹਨ ਕਿ ਇਸ ਮਸਲੇ ’ਤੇ ਆਲਾ ਕਮਾਨ ਨੂੰ ਚਾਹੀਦਾ ਹੈ ਕਿ ਚੰਨੀ ਨੂੰ ਵਕਤ ਦੇਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਦੀ ਇੱਕ ਵੀਡੀਓ ਜਰੂਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਕਤ ਬਿਆਨ ਆਇਆ ਸੀ।
6 ਫਰਵਰੀ ਨੂੰ ਹੋਣਾ ਹੈ ਐਲਾਨ
ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਐਤਵਾਰ 6 ਫਰਵਰੀ ਨੂੰ ਕੀਤਾ ਜਾਣਾ ਹੈ ਪਰ ਸ਼ਨੀਵਾਰ ਸਵੇਰ ਤੋਂ ਹੀ ਚੰਨੀ ਅਤੇ ਸਿੱਧੂ ਦੇ ਸਮਰਥਕਾਂ ਵੱਲੋਂ ਇਹ ਗੱਲਾਂ ਵੀ ਸਾਹਮਣੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਸੱਤਾ ਵਿੱਚ ਆਉਣ ’ਤੇ ਦੋਵਾਂ ਨੂੰ ਅੱਧੇ-ਅੱਧੇ ਸਮੇਂ ਲਈ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਪਹਿਲਾਂ ਕੌਣ? ਇਸ ਬਾਰੇ ਸਾਰੇ ਮੌਨ ਹਨ ਪਰ ਇਹ ਗੱਲ ਜਰੂਰ ਹੈ ਕਿ ਕਿਸੇ ਇੱਕ ਦੇ ਚਿਹਰੇ ਦੇ ਐਲਾਨ ਨਾਲ ਪਾਰਟੀ ਵਿੱਚ ਕੋਈ ਧਮਾਕਾ ਹੋਣ ਦਾ ਵੱਡਾ ਖਦਸਾ ਹੈ।
ਚੰਨੀ ਦੇ ਐਲਾਨ ਦੀ ਸੰਭਾਵਨਾ!
ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਪਾਰਟੀ ਨੇ ਪੰਜਾਬ ਲਈ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਰ ਲਈ ਹੈ। ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਲੈ ਕੇ ਪ੍ਰਚਾਰ ਸਮੱਗਰੀ ਤਿਆਰ ਹੋ ਚੁੱਕੀ ਹੈ ਤੇ ਇਹ ਸਮੱਗਰੀ ਇੱਕ ਥਾਂ ’ਤੇ ਇਕੱਠੀ ਰੱਖੀ ਹੋਈ ਹੈ ਤੇ ਜਿਵੇਂ ਹੀ ਰਾਹੁਲ ਗਾਂਧੀ ਸੀਐਮ ਚਿਹਰੇ ਦਾ ਐਲਾਨ ਕਰਨਗੇ, ਇਹ ਸਮੱਗਰੀ ਪੰਜਾਬ ਲਈ ਰਵਾਨਾ ਕਰ ਦਿੱਤੀ ਜਾਵੇਗੀ।
ਫੇਰ ਸਿੱਧੂ ਦਾ ਕੀ ਹੋਵੇਗਾ?
ਨਵਜੋਤ ਸਿੱਧੂ ਦੇ ਪਤਨੀ ਨਵਜੋਤ ਕੌਰ ਸਿੱਧੂ ਇਹ ਗੱਲ ਕਹਿ ਚੁੱਕੇ ਹਨ ਕਿ ਜੇਕਰ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ ਗਿਆ ਤਾਂ ਉਹ ਆਪਣੇ ਕਿੱਤੇ ਵਿੱਚ ਪਰਤ ਜਾਣਗੇ। ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਕਿ ਸਿੱਧੂ ਮੁੜ ਆਪਣੇ ਕਿੱਤੇ ਵਿੱਚ ਵਾਪਸੀ ਕਰ ਸਕਦੇ ਹਨ। ਸਿੱਧੂ ਵੀ ਕਈ ਮੌਕਿਆਂ ’ਤੇ ਆਲਾ ਕਮਾਨ ਨੂੰ ਨਮੋਸ਼ ਕਰ ਚੁੱਕੇ ਹਨ ਤੇ ਇੱਟ ਨਾਲ ਇੱਟ ਖੜਕਾਉਣ ਦੀ ਗੱਲਾਂ ਕਹਿ ਚੁੱਕੇ ਹਨ। ਤਾਜਾ ਬਿਆਨ ਵਿੱਚ ਸਿੱਧੂ ਨੇ ਕਿਹਾ ਸੀ ਕਿ ਆਲਾ ਕਮਾਨ ਨੂੰ ਉਹ ਮੁੱਖ ਮੰਤਰੀ ਚਾਹੀਦਾ ਹੈ, ਜਿਹੜਾ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚੇ।
ਕੀ ਇਥੇ ਪੈਰ ਤਾਂ ਨਹੀਂ ਖਿੱਚੇਗੀ ਪਾਰਟੀ?
ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ’ਤੇ ਦਬਾਅ ਬਣਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਇਹ ਪੰਜਾਬ ਦੀ ਗੱਲ ਹੈ ਪਰ ਇਸ ਤੋਂ ਪਹਿਲਾਂ ਹਰਿਆਣਾ ਵਿੱਚ 2005 ਵਿੱਚ ਪਾਰਟੀ ਨੇ ਹਰਿਆਣਾ ਵਿੱਚ ਸੂਬੇ ਦੇ ਮੁੱਖ ਚਿਹਰੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੂੰ ਚਿਹਰਾ ਬਣਾਇਆ ਸੀ। ਹਾਲਾਂਕਿ ਉਨ੍ਹਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ ਪਰ ਉਹ ਪਾਰਟੀ ਦਾ ਮੁੱਖ ਚਿਹਰਾ ਸੀ ਤੇ ਪਾਰਟੀ ਨੇ ਬਹੁਮਤ ਨਾਲ ਚੋਣਾਂ ਜਿੱਤੀਆਂ ਸੀ ਪਰ ਬਾਅਦ ਵਿੱਚ ਕੁਝ ਦਿਨਾਂ ਦੇ ਸਸ਼ੋਪੰਜ ਉਪਰੰਤ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਅਜਿਹੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੇ ਬਾਵਜੂਦ ਕੀ ਪਾਰਟੀ ਪੰਜਾਬ ਵਿੱਚ ਉਸੇ ਨੂੰ ਮੁੱਖ ਮੰਤਰੀ ਬਣਾਏਗੀ, ਇਹ ਵੀ ਵੱਡਾ ਸੁਆਲ ਹੈ।
ਕਾਂਗਰਸ ਨੂੰ ਚੰਨੀ-ਸਿੱਧੂ ਦੇ ਫਾਇਦੇ ਤੇ ਨੁਕਸਾਨ
ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੱਧੂ ਵਿਚੋਂ ਕਿਸੇ ਇੱਕ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀ ਉਮੀਦ ਹੈ। ਅਜਿਹੇ ਵਿੱਚ ਦੋਵਾਂ ਦਾ ਆਂਕਲਣ ਕਰਨਾ ਵੀ ਜਰੂਰੀ ਹੈ। ਚੰਨੀ ਜਾਂ ਸਿੱਧੂ ਵਿੱਚੋਂ ਪਾਰਟੀ ਲਈ ਕੌਣ ਲਾਹੇ ਵੰਦ ਹੋਵੇਗਾ ਜਾਂ ਨੁਕਸਾਨ ਕੁੰਨ, ਤੇ ਕਿਵੇਂ? ਆਓ ਜਾਣਦੇ ਹਾਂ.....
ਚਰਨਜੀਤ ਸਿੰਘ ਚੰਨੀ
ਖੂਬੀਆਂ:
1. ਦਲਿਤ ਚਿਹਰਾ ਹੋਣ ਕਾਰਨ ਪੰਜਾਬ ਦੀ 32 ਫੀਸਦ ਦਲਿਤ ਆਬਾਦੀ ਨੂੰ ਰਿਝਾ ਸਕੇਗੀ।
2. ਭਾਜਪਾ ਕਈ ਸੂਬਿਆਂ ਵਿੱਚ ਸੱਤਾ ਵਿੱਚ ਹੈ ਪਰ ਕਿਤੇ ਵੀ ਦਲਿਤ ਮੁੱਖ ਮੰਤਰੀ ਨਹੀਂ ਹੈ ਤੇ ਚੰਨੀ ਨੂੰ ਸੀਐਮ ਉਮੀਦਵਾਰ ਬਣਾ ਕੇ ਸਮੁੱਚੇ ਦੇਸ਼ ਵਿੱਚ ਦਲਿਤ ਪੱਖੀ ਸੁਨੇਹਾ ਦੇ ਸਕੇਗੀ।
3. ਚੰਨੀ ਨੂੰ ਸੀਐਮ ਚਿਹਰਾ ਐਲਾਨ ਕੇ ਮਾਲਵੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਟੱਕਰ ਦੇਣ ਲਈ ਇਸੇ ਖੇਤਰ ਦੀ ਦਲਿਤ ਆਬਾਦੀ ਨੂੰ ਪੱਖ ਵਿੱਚ ਕਰ ਸਕੇਗੀ। ਇਸੇ ਲਈ ਭਦੌੜ ਤੋਂ ਵੀ ਚੋਣ ਲੜਾਈ।
4.ਆਪਣੇ ਕਾਰਜਕਾਲ ਦੇ111 ਦਿਨਾਂ ਵਿੱਚ ਚੰਨੀ ਨੇ ਇੰਨੇ ਕੰਮ ਕੀਤੇ, ਸ਼ਾਇਦ ਸਮੁੱਚੇ ਦੇਸ਼ ਵਿੱਚ ਕਦੇ ਕਿਸੇ ਮੁੱਖ ਮੰਤਰੀ ਨੇ ਇਸ ਰਫਤਾਰ ਨਾਲ ਵਿਕਾਸ ਨਹੀਂ ਕੀਤਾ।
5.ਚੰਨੀ ਆਮ ਸਧਾਰਣ ਪਰਿਵਾਰ ਤੋਂ ਸਬੰਧਤ ਹੈ, ਇਸ ਨਾਲ ਹੇਠਲੇ ਤੇ ਸਧਾਰਣ ਲੋਕਾਂ ਭਾਵੇਂ ਕਿਸੇ ਵੀ ਸ਼੍ਰੇਣੀ ਨਾਲ ਸਬੰਧਤ ਹੋਵੇ, ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਹਾਂ ਪੱਖੀ ਸੁਨੇਹਾ ਜਾਵੇਗਾ।
ਕਮੀਆਂ:
1.ਰੇਤ ਮਾਈਨਿੰਗ ਦਾ ਵੱਡਾ ਦਾਗ ਲੱਗਿਆ ਹੈ। 2018 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਵਿੱਚੋਂ ਚਮਕੌਰ ਸਾਹਿਬ ਖੇਤਰ ਵਿੱਚ ਮਾਈਨਿੰਗ ਹੁੰਦੀ ਵੇਖ ਡੀਜੀਪੀ ਨੂੰ ਜਾਂਚ ਲਈ ਕਿਹਾ ਸੀ ਤੇ ਹੁਣ ਈਡੀ ਨੇ ਇਸੇ ਮਾਮਲੇ ਵਿੱਚ ਚੰਨੀ ਦੇ ਰਿਸ਼ਤੇਦਾਰਾਂ ’ਤੇ ਛਾਪੇਮਾਰੀ ਕੀਤੀ। ਭੁਪਿੰਦਰ ਹਨੀ ਈਡੀ ਦੀ ਪੁੱਛਗਿੱਛ ਵਿੱਚ ਇਹ ਸਪਸ਼ਟ ਨਹੀਂ ਕਰ ਸਕਿਆ ਕਿ ਉਸ ਦੇ ਘਰੋਂ ਫੜਿਆ ਗਿਆ ਪੈਸਾ ਕਿੱਥੋਂ ਆਇਆ।
2.ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਹੈ। ਜਾਖੜ ਵੱਧ ਵੋਟਾਂ ਦਾ ਹਵਾਲਾ ਦੇ ਕੇ ਹਿੰਦੂ ਚਿਹਰੇ ਨੂੰ ਸੀਐਮ ਨਾ ਬਣਾਉਣ ਦਾ ਇਲਜਾਮ ਲਗਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਨਵਜੋਤ ਸਿੱਧੂ ਹਾਈਕਮਾਂਡ ’ਤੇ ਸੀਐਮ ਨੂੰ ਇਸ਼ਾਰਿਆਂ ’ਤੇ ਨਚਾਉਣ ਦਾ ਇਲਜਾਮ ਲਗਾ ਰਹੇ ਹਨ। ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਇਆ ਤਾਂ ਦੂਜੀ 68 ਫੀਸਦੀ ਆਬਾਦੀ ਨੂੰ ਸੰਤੁਸ਼ਟ ਕਰਨਾ ਵੱਡੀ ਚੁਣੌਤੀ ਹੈ।
3.ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨਾਲ ਕਾਫੀ ਕੁੜੱਤਣ ਪੈਦਾ ਹੋ ਚੁੱਕੀ ਹੈ। ਸੱਤਾ ਵਿੱਚ ਆਉਣ ਉਪਰੰਤ ਕੇਂਦਰ ਨਾਲ ਰਾਬਤਾ ਬਣਾਉਣਾ ਚੰਨੀ ਲਈ ਔਖਾ ਹੋਵੇਗਾ, ਜਦੋਂਕਿ ਸੂਬਾ ਚਲਾਉਣ ਲਈ ਕੇਂਦਰ ਤੋਂ ਗਰਾਂਟਾਂ ਲੈਣੀਆਂ ਜਰੂਰੀ ਹਨ।
4.ਕੈਪਟਨ ਅਮਰਿੰਦਰ ਸਿੰਘ ਧਾਕੜ ਆਗੂ ਹਨ ਤੇ ਦਬਦਬੇ ਕਾਰਨ ਉਹ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਾਲ ਲੈ ਕੇ ਚੱਲ ਸਕੇ ਪਰ ਚਰਨਜੀਤ ਸਿੰਘ ਚੰਨੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ, ਇਹ ਵੱਡਾ ਸੁਆਲ ਹੈ, ਕਿਉਂਕਿ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਸਿੱਧੂ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਚਲਾਉਂਦੇ ਹੋਏ ਸਾਫ ਵੇਖੇ ਗਏ।
5.ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਦੋ ਥਾਂ ਤੋਂ ਚੋਣ ਲੜਵਾਈ ਹੈ। ਅਜਿਹੇ ਵਿੱਚ ਜੇਕਰ ਚੰਨੀ ਦੋਵੇਂ ਸੀਟਾਂ ਤੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਇੱਕ ਸੀਟ ਛੱਡਣਗੇ ਤੇ ਉਸ ਸੀਟ ਤੋਂ ਲੋਕਾਂ ਨੂੰ ਨਮੋਸ਼ੀ ਹੱਥ ਲੱਗੇਗੀ। ਉਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਿਵੇਂ ਕੀਤਾ ਜਾ ਸਕੇਗਾ।
ਨਵਜੋਤ ਸਿੰਘ ਸਿੱਧੂ
ਖੂਬੀਆਂ:
1.ਪੰਜਾਬ ਮਾਡਲ ਪੇਸ਼ ਕੀਤਾ। ਅਜਿਹਾ ਮਾਡਲ ਸ਼ਾਇਦ ਹੀ ਦੇਸ਼ ਵਿੱਚ ਪਹਿਲਾਂ ਕਿਸੇ ਨੇ ਦਿੱਤਾ ਹੋਵੇ। ਮਾਡਲ ਲਾਗੂ ਹੁੰਦਾ ਹੈ ਤਾਂ ਪੰਜਾਬ ਦਾ ਸੁਧਾਰ ਹੋਵੇਗਾ।
2.ਸਾਫ ਸੁਥਰਾ ਅਕਸ਼ ਰਿਹਾ। ਮੁੱਦਿਆਂ ’ਤੇ ਪਹਿਲਾਂ ਭਾਜਪਾ ਤੋਂ ਰਾਜ ਸਭਾ ਦੀ ਮੈਂਬਰੀ ਛੱਡੀ ਤੇ ਬਾਅਦ ਵਿੱਚ ਮੁੱਦੇ ਦੇ ਅਧਾਰ ’ਤੇ ਹੀ ਪੰਜਾਬ ਕੈਬਨਿਟ ਤੋਂ ਅਸਤੀਫਾ ਦਿੱਤਾ। ਇਹੋ ਨਹੀਂ ਏਜੀ ਤੇ ਡੀਜੀਪੀ ਮਾਮਲੇ ਵਿੱਚ ਪ੍ਰਧਾਨਗੀ ਵੀ ਛੱਡ ਦਿੱਤੀ ਸੀ।
3.ਦੂਜਿਆਂ ਦੇ ਬਰਾਬਰ ਆਉਣ ਦੀ ਤਾਕਤ ਹੈ। ਸਾਰਿਆਂ ਦਾ ਡਟ ਕੇ ਮੁਕਾਬਲਾ ਕਰਦੇ ਹਨ ਤੇ ਬੁਰਾਈਆਂ ਵਿਰੁੱਧ ਲੜਾਈ ਜਾਰੀ ਰੱਖਦੇ ਹਨ।
4.ਉਨ੍ਹਾਂ ਘੱਟ ਸਮੇਂ ਵਿੱਚ ਪੰਜਾਬ ਕਾਂਗਰਸ ਵਿੱਚ ਆਪਣਾ ਅਕਸ਼ ਕਾਇਮ ਕੀਤਾ। ਸੂਬਾ ਪ੍ਰਧਾਨ ਬਣੇ ਤੇ ਪੰਜਾਬ ਵਿੱਚ ਰਹੀਆਂ ਖਾਮੀਆਂ ਨੂੰ ਖੁੱਲ੍ਹੇ ਤੌਰ ’ਤੇ ਗਲਤ ਕਰਾਰ ਦੇਣ ਦੇ ਬਾਵਜੂਦ ਪਾਰਟੀ ਨੇ ਲਾਮ੍ਹੇ ਨਹੀਂ ਕੀਤਾ।
5.ਟੀਵੀ ਸਟਾਰ ਹਨ, ਸਾਬਕਾ ਕ੍ਰਿਕੇਟਰ ਰਹੇ ਹਨ। ਆਮ ਲੋਕਾਂ ਦੇ ਦਿਲਾਂ ਵਿੱਚ ਇੱਕ ਸਖ਼ਸ਼ੀਅਤ ਵਜੋਂ ਵਿਚਰਦੇ ਹਨ ਤੇ ਭੀੜ ਇਕੱਠੀ ਕਰਨ ਦੇ ਸਮਰੱਥ ਹਨ ਤੇ ਬੇਬਾਕ ਬੋਲਦੇ ਹਨ।
ਕਮੀਆਂ:
1.ਇਮਰਾਨ ਖਾਨ ਨਾਲ ਨਜਦੀਕੀਆਂ ਕਾਰਨ ਦੇਸ਼ ਵਿਰੋਧੀ ਹੋਣ ਦੇ ਦੋਸ਼ ਲੱਗੇ ਹਨ। ਹਾਲਾਂਕਿ ਉਹ ਇਸ ਨੂੰ ਨਿਜੀ ਦੋਸਤੀ ਦੱਸਦੇ ਹਨ ਪਰ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਪੂਰਾ ਉਛਾਲਦੀਆਂ ਹਨ, ਜਿਸ ਕਾਰਨ ਕਾਂਗਰਸ ਦਾ ਅਕਸ਼ ਵੀ ਖਰਾਬ ਹੁੰਦਾ ਹੈ।
2.ਪਾਰਟੀ ਵਿਰੁੱਧ ਖੁੱਲ੍ਹੇ ਤੌਰ ’ਤੇ ਬੋਲਦੇ ਹਨ। ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਕਰਾਰ ਦਿੰਦਿਆਂ ਸੁਧਾਰ ਦੀ ਲਾਹਣਤਾਂ ਪਾਉਂਦੇ ਹਨ।
3.ਕਿਸੇ ਨੂੰ ਨਾਲ ਲੈ ਕੇ ਚਲਣ ਦੇ ਅਸਮਰੱਥ ਹਨ। ਪਾਰਟੀ ਪ੍ਰਧਾਨ ਬਣਨ ਦੇ ਬਾਵਜੂਦ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ, ਨਤੀਜੇ ਵਜੋਂ ਅੱਜ ਅੰਦਰੂਨੀ ਤੌਰ ’ਤੇ ਉਨ੍ਹਾਂ ਦਾ ਵਿਰੋਧ ਹੈ। ਇਹੋ ਨਹੀਂ ਪਾਰਟੀ ਦੇ ਕੁਝ ਸੀਨੀਅਰ ਆਗੂ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਮੰਗ ਕਰ ਰਹੇ ਹਨ।
4.ਪਾਰਟੀ ਨੂੰ ਉਨ੍ਹਾਂ ਦੇ ਆਉਣ ਨਾਲ ਜਮੀਨੀ ਪੱਧਰ ’ਤੇ ਨੁਕਸਾਨ ਭੁਗਤਣਾ ਪਿਆ ਹੈ। ਇੱਕ ਸਾਲ ਪਹਿਲਾਂ ਰਿਪੋਰਟਾਂ ਇਹ ਸੀ ਕਿ ਕਾਂਗਰਸ ਮੁੜ ਸੱਤਾ ਵਿੱਚ ਆਏਗੀ ਪਰ ਇਸ ਵੇਲੇ ਸੱਤਾ ਵਾਪਸੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
5.ਦਲਬਦਲੀ ਵੀ ਵੱਡਾ ਧੱਬਾ ਹੈ। ਆਮ ਲੋਕਾਂ ਵਿੱਚ ਇਹ ਧਾਰਨਾ ਬਣੀ ਰਹਿੰਦੀ ਹੈ ਕਿ ਨਵਜੋਤ ਸਿੱਧੂ ਕਦੇ ਵੀ ਦਲਬਦਲੀ ਕਰ ਸਕਦਾ ਹੈ।
ਇਹ ਵੀ ਪੜ੍ਹੋ:ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?