ਚੰਡੀਗੜ੍ਹ: ਸ਼ਹਿਰ ਵਿੱਚ 170 ਦੇ ਕਰੀਬ ਕੋਰੋਨਾ ਪੌਜ਼ੀਟਿਵ ਕੇਸ ਆ ਚੁੱਕੇ ਹਨ, ਇਸ ਦੇ ਵਿੱਚੋਂ ਤਕਰੀਬਨ 100 ਤੋਂ ਉੱਪਰ ਕੋਰੋਨਾ ਪੌਜ਼ੀਟਿਵ ਮਾਮਲੇ ਬਾਪੂਧਾਮ ਦੇ ਵਿੱਚੋਂ ਆਏ ਹਨ। ਜਿਸ ਕਰਕੇ ਪ੍ਰਸ਼ਾਸਨ ਵੱਲੋਂ ਇਹਤਿਆਤ ਦੇ ਤੌਰ 'ਤੇ ਸੈਕਟਰ-26 ਦੀ ਸਬਜ਼ੀ ਅਤੇ ਫਰੂਟ ਮੰਡੀ ਨੂੰ ਆਰਜ਼ੀ ਤੌਰ 'ਤੇ 12 ਮਈ ਨੂੰ ਸੈਕਟਰ-17 ਦੇ ਆਈਐੱਸਬੀਟੀ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ।
ਕਿਉਂਕਿ ਬਾਪੂਧਾਮ ਕਲੋਨੀ ਫਰੂਟ ਅਤੇ ਸਬਜ਼ੀ ਮੰਡੀ ਦੇ ਬਿਲਕੁਲ ਕੋਲ ਹੈ, ਜਿਸ ਕਰਕੇ ਇਹਤਿਆਤ ਦੇ ਤੌਰ 'ਤੇ ਉੱਥੋਂ ਇਹ ਮੰਡੀ ਸ਼ਿਫਟ ਕੀਤੀ ਜਾਣੀ ਹੈ। ਪਿਛਲੇ ਲਗਭਗ ਇੱਕ ਹਫ਼ਤੇ ਤੋਂ ਇਸ ਮੰਡੀ ਦੇ ਸ਼ਿਫਟ ਕਰਨ ਨੂੰ ਲੈ ਕੇ ਚਰਚਾ ਚੱਲ ਰਹੀਆਂ ਸਨ, ਪਰ ਆੜ੍ਹਤੀਆਂ ਅਤੇ ਪ੍ਰਸ਼ਾਸਨ ਦੇ ਵਿੱਚ ਤਾਲਮੇਲ ਨਹੀਂ ਬਣ ਰਿਹਾ ਸੀ। ਆੜ੍ਹਤੀ ਜਿਹੜੀਆਂ ਫੈਸਿਲਿਟੀ ਅਤੇ ਪਾਸ ਪ੍ਰਸ਼ਾਸਨ ਦੇ ਰਿਹਾ ਸੀ ਉਸ ਤੋਂ ਨਾਖੁਸ਼ ਸੀ ਜਿਸ ਕਰਕੇ ਇਹ ਮੰਡੀ ਸੈਕਟਰ ਸਤਾਰਾਂ ਦੇ ਵਿੱਚ ਸ਼ਿਫਟ ਨਹੀਂ ਹੋ ਪਾ ਰਹੀ ਸੀ।
ਅੱਜ ਸੈਕਟਰ 17 ਆਈ ਐੱਸਬੀਟੀ ਦੇ ਵਿੱਚ ਆੜ੍ਹਤੀਆਂ ਅਤੇ ਐਸਡੀਐਮ ਸੈਂਟਰਲ ਨਾਜ਼ੁਕ ਕੁਮਾਰ ਦੇ ਨਾਲ ਮੀਟਿੰਗ ਹੋਈ, ਜਿਸ ਦੇ ਵਿੱਚ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਐਸਡੀਐਮ ਦੇ ਅੱਗੇ ਰੱਖੀਆਂ ਤੇ ਐਸਡੀਐਮ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਾਇਜ਼ ਮੰਗਾਂ ਨੂੰ ਮੰਨ ਲਿਆ ਜਾਵੇਗਾ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਇਸ ਮੰਡੀ ਨੂੰ ਮੰਗਲਵਾਰ 12 ਮਈ ਸਵੇਰੇ ਚਾਰ ਵਜੇ ਤੋਂ ਮੰਡੀ ਆਈਐੱਸਬੀਟੀ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ।
ਐੱਸਡੀਐੱਮ ਨੇ ਦੱਸਿਆ ਕਿ ਬਾਪੂਧਾਮ ਦੇ ਵਿੱਚ ਕੋਰੋਨਾ ਵਾਇਰਸ ਦੇ ਜ਼ਿਆਦਾ ਕੇਸ ਆਉਣ ਕਰਕੇ ਸੈਕਟਰ-26 ਦੀ ਸਬਜ਼ੀ ਅਤੇ ਫਲ ਮੰਡੀ ਨੂੰ ਆਰਜ਼ੀ ਤੌਰ 'ਤੇ ਸੈਕਟਰ-17 ਦੇ ਆਈਐੱਸਬੀਟੀ ਦੇ ਵਿੱਚ ਸ਼ਿਫਟ ਕਰਨ ਦਾ ਪ੍ਰਸ਼ਾਸਨ ਦਾ ਵਿਚਾਰ ਸੀ।