ਚੰਡੀਗੜ੍ਹ: ਮਨੁੱਖ ਅਤੇ ਜਾਨਵਰਾਂ ਦੀ ਐਂਬੂਲੈਂਸ ਤੋਂ ਬਾਅਦ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਜੰਗਲਾਤ ਵਿਭਾਗ ਰੁੱਖਾਂ ਦੇ ਲਈ ਐਂਬੂਲੈਂਸ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਬਾਬਤ ਈਟੀਵੀ ਭਾਰਤ ਨੇ ਜੰਗਲਾਤ ਵਿਭਾਗ ਦੇ ਚੀਫ਼ ਕੰਜ਼ਰਵੇਟਰ ਦੇਵੇਂਦਰ ਦਲਾਈ ਨਾਲ ਖ਼ਾਸ ਗੱਲਬਾਤ ਕੀਤੀ।
ਦੇਵੇਂਦਰ ਨੇ ਦੱਸਿਆ ਕਿ ਮਨੁੱਖ ਦੀ ਤਰ੍ਹਾਂ ਰੁੱਖਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਬਾਬਤ ਇੱਕ ਟੋਲ ਫ਼ਰੀ ਨੰਬਰ ਜਾਰੀ ਕੀਤਾ ਜਾਵੇਗਾ। ਉਸ ਉੱਪਰ ਸਥਾਨਕ ਲੋਕ ਵੀ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ।
ਦੇਵੇਂਦਰ ਨੇ ਇਹ ਵੀ ਦੱਸਿਆ ਕਿ ਮਿਊਂਸੀਪਲ ਕਾਰਪੋਰੇਸ਼ਨ ਦੇ ਅਧੀਨ ਆਉਣ ਵਾਲੇ ਸ਼ਹਿਰ ਦੇ ਸਾਰੇ ਰੁੱਖਾਂ ਦੀ ਨਿਗਰਾਨੀ ਐਂਬੂਲੈਂਸ ਕਰੇਗੀ ਚਾਹੇ ਕਿਸੇ ਸੈਕਟਰ ਦੇ ਵਿੱਚ ਬਾਰਿਸ਼ ਤੂਫਾਨ ਤੋਂ ਬਾਅਦ ਕਿਸੇ ਰੁੱਖ ਦਾ ਡਿੱਗਣਾ ਹੋਵੇ ਜਾਂ ਫਿਰ ਕਿਸੇ ਵਿੱਚ ਦੀਮਕ ਲੱਗਿਆ ਹੋਵੇ, ਉਨ੍ਹਾਂ ਰੁੱਖਾਂ ਦੇ ਟਰੀਟਮੈਂਟ ਦੇ ਲਈ ਐਂਬੂਲੈਂਸ ਵਿੱਚ ਮਾਹਰ ਸਣੇ ਹਰ ਹਰ ਤਰ੍ਹਾਂ ਦੇ ਸੰਦ ਤੇ ਦਵਾਈਆਂ ਮੌਜੂਦ ਹੋਣਗੀਆਂ।
ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜਾਨਵਰਾਂ ਦੇ ਰੈਸਕਿਊ ਕਰਨ ਦੇ ਲਈ 24 ਘੰਟੇ ਉਨ੍ਹਾਂ ਦੀ ਐਂਬੂਲੈਂਸ ਸ਼ਹਿਰ ਦੇ ਵਿੱਚ 365 ਦਿਨ ਘੁੰਮਦੀ ਹੈ ਤੇ ਹੁਣ ਰੁੱਖਾਂ ਦੇ ਬਚਾਅ ਨੂੰ ਲੈ ਕੇ ਨਵੀਂ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਸਿਟੀ ਬਿਊਟੀਫੁੱਲ ਦੀ ਹਰਿਆਲੀ ਬਰਕਰਾਰ ਰਹੇ।