ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਸੰਕਟ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ 'ਚ ਕਰਫਿਊ ਦੇ ਦੌਰਾਨ ਸ਼ਹਿਰ ਦੇ ਹਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਦੇ ਦੌਰਾਨ ਕਰਫਿਊ ਦੇ ਚਲਦੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੇਣ ਦੀ ਗੱਲ ਆਖੀ ਗਈ ਹੈ। ਦੱਸਣਯੋਗ ਹੈ ਕਿ ਕਰਫਿਊ ਦੇ ਚਲਦੇ ਸਕੂਲ ਤੇ ਕਾਲਜ ਬੰਦ ਰੱਖੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੇ ਦੌਰਾਨ ਕੁੱਝ ਸਮੇਂ ਲਈ ਛੂਟ ਦੇਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲੋਕ ਲੋੜੀਦਾ ਵਸਤੂਆਂ ਦਵਾਈਆਂ ਆਦਿ ਖ਼ਰੀਦ ਸਕਣ।
ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਨਰਸਾਂ, ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਸਫਾਈ ਕਰਮਚਾਰੀਆਂ ਸਣੇ ਕਰਫਿਊ ਦੌਰਾਨ ਕੰਮ ਕਰ ਰਹੇ ਲੋਕਾਂ ਨੂੰ ਸੁਰੱਖਿਆ ਕਿੱਟ ਵੰਡੀਆਂ ਗਈਆਂ। ਇਸ ਦੌਰਾਨ 5 ਹਜ਼ਾਰ ਮਾਸਕ, 10 ਹਜ਼ਾਰ ਹਾਈਡਰੋ ਆਕਸੀ ਕਲੋਰੋ ਕੁਈਨ ਦਵਾਵਾਂ ਮੈਡੀਕਲ ਤੌਰ 'ਤੇ ਵਰਤੋਂ ਲਈ ਦਿੱਤੀਆਂ ਗਈਆਂ ਹਨ।
ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਨਹਿਰੂ ਹਸਪਤਾਲ 'ਚ ਕੋਰੋਨਾ ਵਾਰਡ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੈਕਟਰ 32 ਤੇ ਸੈਕਟਰ 16 ਦੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਪੀਜੀਆਈ ਦੇ ਨਹਿਰੂ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।
ਹੋਰ ਪੜ੍ਹੋ : ਗੀਤਾਂ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੀ ਗੁਰਦਾਸਪੁਰ ਪੁਲਿਸ