ਚੰਡੀਗੜ੍ਹ:ਵੋਟਰ ਸੂਚੀ ਵਿੱਚ 18 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਨਾਮ 100 ਫ਼ੀਸਦ ਦਰਜ ਕਰਨ ਨੂੰ (Punjab assembly election 2022) ਯਕੀਨੀ ਬਣਾਉਣ ਲਈ ਇੱਕ ਹੋਰ ਉਪਰਾਲਾ ਕਰਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਸੂਬੇ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ (CEO constitute a committee to idenify new voter) ।
ਸੀਈਓ ਡਾ. ਰਾਜੂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵਧੀਕ ਸੀਈਓ ਅਮਨਦੀਪ ਕੌਰ ਨਾਲ ਸਿਹਤ, ਸਿੱਖਿਆ ਅਤੇ ਜਨਮ ਤੇ ਮੌਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਦੀਪ ਅਗਰਵਾਲ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
(Election update) ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਸਵੀਪ ਕੋਆਰਡੀਨੇਟਰ ਡਾ. ਨਵਨੀਤ ਵਾਲੀਆ ਕਰ ਰਹੇ ਹਨ ਜਦਕਿ ਸੁਪਰਡੈਂਟ ਰਾਕੇਸ਼ ਖੰਨਾ ਅਤੇ ਡਾਟਾ ਆਧਾਰਤ ਪ੍ਰਬੰਧਕ ਚਰਨਜੀਤ ਸਿੰਘ ਇਸ ਦੇ ਮੈਂਬਰ ਹਨ। ਵਧੀਕ ਸੀਈਓ ਅਮਨਦੀਪ ਕੌਰ, ਜੋ ਸੂਬੇ ਦੇ ਇਲੈਕਟ੍ਰੋਲ ਰੋਲ ਨੋਡਲ ਅਫ਼ਸਰ ਵੀ ਹਨ, ਕਮੇਟੀ ਦੀ ਨਿਗਰਾਨੀ ਕਰਨਗੇ।
ਸੀਈਓ ਡਾ. ਰਾਜੂ ਨੇ ਕਿਹਾ ਕਿ ਸਿੱਖਿਆ, ਸਿਹਤ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ, ਹੁਨਰ ਵਿਕਾਸ, ਕਿਰਤ ਵਿਭਾਗ, ਨਰਸਿੰਗ, ਮੈਡੀਕਲ ਯੂਨੀਵਰਸਿਟੀਆਂ ਅਤੇ ਸਮਾਜ ਭਲਾਈ ਵਿਭਾਗ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਉਪਲਬਧ ਹੈ, ਇਸ ਲਈ ਇਹ ਵਿਭਾਗ ਇਸ ਮੁਹਿੰਮ ਦੇ ਸਰਗਰਮ ਭਾਗੀਦਾਰ ਹਨ।
ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ 1 ਜਨਵਰੀ 2002 ਤੋਂ 31 ਦਸੰਬਰ 2003 ਦਰਮਿਆਨ ਪੈਦਾ ਹੋਏ ਲੋਕਾਂ ਦਾ ਡਾਟਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਵੋਟਰ ਫੋਟੋ ਪਹਿਚਾਣ ਕਾਰਡ (ਈਪੀਆਈਸੀ) ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੀਬੀਐਸਈ, ਆਈਸੀਐਸਸੀ ਅਤੇ ਓਪਨ ਸਕੂਲ ਵਿਭਾਗਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਨਵੇਂ ਵੋਟਰਾਂ ਦਾ ਸਾਰਾ ਡਾਟਾ ਇਕੱਠਾ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਸਾਰਾ ਡਾਟਾ ਇਕੱਠਾ ਹੋਣ ਉਪਰੰਤ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਮਿਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ, "ਇਸ ਕਮੇਟੀ ਨੂੰ ਬਣਾਉਣ ਦਾ ਸਾਡਾ ਉਦੇਸ਼ ਵੱਧ ਤੋਂ ਵੱਧ ਯੋਗ ਨੌਜਵਾਨ ਵੋਟਰਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਲ ਕਰਨਾ ਹੈ ਤਾਂ ਜੋ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੀ ਵੋਟ ਦੀ ਵਰਤੋਂ ਕਰ ਸਕਣ।"
ਡਾ. ਰਾਜੂ ਨੇ ਕਮੇਟੀ ਮੈਂਬਰਾਂ ਨੂੰ ਵੱਧ ਤੋਂ ਵੱਧ ਨਵੇਂ ਵੋਟਰਾਂ ਨੂੰ ਸ਼ਾਮਲ ਕਰਨ ਲਈ ਠੋਸ ਉਪਰਾਲੇ ਕਰਨ ਦੀ ਹਦਾਇਤ ਵੀ ਕੀਤੀ।
ਡੀਜੀਐਸਈ ਪ੍ਰਦੀਪ ਅਗਰਵਾਲ ਨੇ ਸੁਝਾਅ ਦਿੱਤਾ ਕਿ ਪੰਜਾਬ ਸਿੱਖਿਆ ਵਿਭਾਗ ਅਤੇ ਤਕਨੀਕੀ ਸਿੱਖਿਆ ਕੋਲ ਉਪਲਬਧ ਡਾਟਾ ਨਵੇਂ ਵੋਟਰਾਂ ਦੀ ਪਛਾਣ ਲਈ ਬਹੁਤ ਮਹੱਤਵਪੂਰਨ ਹੋਵੇਗਾ। ਉਨ੍ਹਾਂ ਜਲਦ ਤੋਂ ਜਲਦ ਸਾਰਾ ਡਾਟਾ ਸੀਈਓ ਦਫ਼ਤਰ ਨਾਲ ਸਾਂਝਾ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੇ ਵੀ ਜਨਮ ਅਤੇ ਮੌਤ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।