ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਦਿੱਲੀ ਵਿਖੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹੋਈ 11 ਵੇਂ ਗੇੜ ਦੀ ਬੈਠਕ ਬੇਨਤੀਜਾ ਰਹੀ। ਇਸ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ।
ਮੀਡੀਆ ਨਾਲ ਰੁਬਰੂ ਹੁੰਦੇ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ, " ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵਇਆ ਨਿੰਦਣਯੋਗ ਹੈ। ਉਨ੍ਹਾਂ ਕਿਹਾ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਲਈ ਲਗਾਤਾਰ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀਆਂ ਗੱਲਾਂ ਮੰਨਣ ਦੀ ਬਜਾਏ ਅੜੀਅਲ ਰਵਇਆ ਅਪਣਾਈ ਬੈਠੀ ਹੈ। ਚੰਦੂਮਾਜਰਾ ਨੇ ਕਿਹਾ 11 ਵੇਂ ਗੇੜ ਦੀ ਬੈਠਕ ਦੌਰਾਨ ਕੇਂਦਰੀ ਨੇਤਾਵਾਂ ਦਾ ਕਿਸਾਨਾਂ ਪ੍ਰਤੀ ਗ਼ਲਤ ਰਵਇਆ ਬਰਦਾਸ਼ਤ ਯੋਗ ਨਹੀਂ ਹੈ। ਜਦੋਂ ਕਿ ਇਸ ਤੋਂ ਪਹਿਲਾਂ ਹੋਈਆਂ ਬੈਠਕਾਂ ਚੰਗੇ ਮਾਹੌਲ ਵਿੱਚ ਹੋਈਆਂ ਹਨ। "
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰੀ ਨੇਤਾਵਾਂ ਦੇ ਰਵਇਏ ਤੋਂ ਕੇਂਦਰ ਸਰਕਾਰ ਦੀ ਬਦਨੀਤੀ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨ ਵਾਲਿਆਂ ਟਰਾਂਸਪੋਰਟਰਾਂ, ਸਮਾਜ ਸੇਵੀ ਸੰਸਥਾਵਾਂ, ਕਿਸਾਨਾਂ ਆਗੂਆਂ 'ਤੇ ਐਨਆਈਏ ਵੱਲੋਂ ਭੇਜੇ ਗਏ ਨੋਟਿਸਾਂ ਬਾਰੇ ਨਿਖੇਧੀ ਕੀਤੀ। ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਵੱਖਵਾਦੀ, ਅੱਤਵਾਦੀ ਤੇ ਟੁਕੜੇ -ਟੁਕੜੇ ਗੈਂਗ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ, ਜੋ ਕਿ ਬੇਹਦ ਨਿੰਦਣਯੋਗ ਹੈ ਤੇ ਇਹ ਅੰਨਦਾਤਾ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਇਸ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ, ਇਹ ਸੰਘਰਸ਼ ਉਨ੍ਹਾਂ ਹੀ ਤਿੱਖਾ ਹੋਵੇਗਾ ।