ਚੰਡੀਗੜ੍ਹ: ਸ਼੍ਰੋਣਮੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਾਤਾ ਟੁੱਟਣ ਤੋਂ ਬਾਅਦ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਅਕਾਲੀ ਦਲ ਦੇ ਕੌਮੀ ਜਮਹੂਰੀ ਗਠਜੋੜ ਤੋਂ ਬਾਹਰ ਆਉਣ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਜੈੱਡ ਸ਼੍ਰੈਣੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਸੁਰੱਖਿਆ ਤਹਿਤ ਮਜੀਠੀਆ ਨੂੰ ਸੀਆਈਐਸਐਫ ਦੇ 30-40 ਜਵਾਨ ਤੇ 2 ਐਸਕਾਰਟ ਵਾਹਨ ਮੁਹੱਈਆ ਕਰਾਏ ਗਏ ਸਨ।
ਮਜੀਠੀਆ ਨੂੰ ਗੈਂਗਸਟਰਾਂ ਤੇ ਵਿਦੇਸ਼ਾਂ 'ਚ ਲੁਕੇ ਗੈਰ ਸਮਾਜੀ ਤੱਤਾਂ ਤੋਂ ਲਗਾਤਾਰ ਧਮਕੀਆਂ ਮਿਲਣ ਕਾਰਨ ਅਕਾਲੀ-ਬੀਜੇਪੀ ਸਰਕਾਰ ਨੇ ਉਨ੍ਹਾਂ ਨੂੰ ਜੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ।
ਕੇਂਦਰ ਸਰਕਾਰ ਦੇ ਇਨ੍ਹਾਂ ਸੱਜਰੇ ਹੁਕਮਾਂ ਮਗਰੋਂ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਹੁਣ ਮਜੀਠੀਆ ਦੀ ਸੁਰੱਖਿਆ ਸਿਰਫ ਪੰਜਾਬ ਪੁਲਿਸ ਦੇ ਅਧੀਨ ਹੈ। ਪੰਜਾਬ ਪੁਲਿਸ ਨੇ ਜੁਲਾਈ 2018 'ਚ ਸੂਬੇ ਦੇ ਸਿਆਸੀ ਆਗੂਆਂ ਤੇ ਹੋਰ ਖਾਸ ਸ਼ਖਸੀਅਤਾਂ ਦੀ ਸੁਰੱਖਿਆ ਦੀ ਸਮੀਖਿਆ ਕਰਦਿਆਂ ਮਜੀਠੀਆ ਦੀ ਸੁਰੱਖਿਆ 'ਚੋਂ 11 ਜਵਾਨ ਵਾਪਸ ਬੁਲਾ ਲਏ ਸਨ। ਪੰਜਾਬ ਸਰਕਾਰ ਨੇ ਕੇਂਦਰ ਦੀ ਤਾਜੀ ਚਿੱਠੀ ਮਗਰੋਂ ਡੀਜੀਪੀ ਨੂੰ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਇਸ ਮਗਰੋਂ ਕੇਂਦਰ ਦੇ ਇਸ ਫੈਸਲੇ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮੁੱਢਲੀ ਪ੍ਰਤੀਕਿਰਿਆ ਵਿੱਚ ਅਕਾਲੀ ਦਲ ਨੇ ਇਸ ਨੂੰ ਬਦਲੇ ਦੀ ਭਾਵਨਾ ਦੱਸਿਆ ਹੈ।