ਚੰਡੀਗੜ੍ਹ: ਪੁਲਿਸ ਅਕਸਰ ਚੋਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਲਾਉਣ ਦੀਆਂ ਹਦਾਇਤਾਂ ਦਿੰਦੀ ਹੈ ਪਰ ਪੰਚਕੂਲਾ ਸੈਕਟਰ 17 ਵਿੱਚ ਇਹੀ ਸੀਸੀਟੀਵੀ ਕੈਮਰਾ ਚੰਡੀਗੜ੍ਹ ਪੁਲਿਸ ਦੇ ਇੱਕ ਸਬ ਇੰਸਪੈਕਟਰ ਦੇ ਗਲੇ ਦੀ ਹੱਡੀ ਬਣ ਗਿਆ ਹੈ ਕਿਉਂਕਿ ਹਾਈਟੈਕ ਮੰਨੀ ਜਾਣ ਵਾਲੀ ਚੰਡੀਗੜ੍ਹ ਪੁਲਿਸ ਦੇ ਇੱਕ ਐਸਆਈ ਵੱਲੋਂ ਇੱਕ ਦੁਕਾਨ ਤੋਂ ਸਿਗਰਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ (Chandigarh police sub inspector stealing cigarette) ਹੈ। ਦੁਕਾਨ ਦੇ ਮਾਲਕਾਂ ਵੱਲੋਂ ਪੁਲਿਸ ਮੁਲਾਜ਼ਮ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਜਾਣਕਾਰੀ ਅਨੁਸਾਰ ਦੁਕਾਨ ਤੋਂ ਸਿਗਰਟਾਂ ਦੀਆਂ ਦੋ ਡੱਬੀਆਂ ਚੋਰੀ ਕਰਨ ਤੋਂ ਬਾਅਦ ਸਬ ਇੰਸਪੈਕਟਰ ਥਾਣੇ ਪਹੁੰਚ ਗਿਆ ਸੀ ਉਸ ਸਮੇਂ ਦੁਕਾਨ ਮਾਲਕ ਉਸ ਦੀ ਸ਼ਿਕਾਇਤ ਕਰਨ ਲਈ ਥਾਣੇ ਪਹੁੰਚ ਗਿਆ।
ਦਰਅਸਲ ਇਕ ਸਬ ਇੰਸਪੈਕਟਰ ਨੂੰ ਇਕ ਦੁਕਾਨ ਤੋਂ ਸਿਗਰਟਾਂ ਚੋਰੀ ਕਰਨਾ ਮਹਿੰਗਾ ਪੈ ਗਿਆ, ਜਦੋਂ ਉਹ ਸਿਗਰਟ ਚੋਰੀ ਕਰਕੇ ਥਾਣੇ ਵਾਪਸ ਆਇਆ ਤਾਂ ਦੁਕਾਨ ਮਾਲਕ ਨੇ ਦੇਖਿਆ ਕਿ ਉਸ ਦੀ ਦੁਕਾਨ ਦੇ ਕਾਊਂਟਰ 'ਤੇ ਰੱਖੇ ਸਿਗਰਟਾਂ ਦੀਆਂ ਦੋ ਡੱਬੀਆਂ ਗਾਇਬ ਸਨ। ਦੁਕਾਨਦਾਰ ਨੇ ਜਦੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਨੇ ਉਸ ਦੀ ਦੁਕਾਨ ਤੋਂ ਸਿਗਰਟ ਚੋਰੀ ਕੀਤੀ ਹੈ।
ਇਸ ਤੋਂ ਬਾਅਦ ਸਬ ਇੰਸਪੈਕਟਰ ਨਾਲ ਗੱਲ ਕੀਤੀ ਗਈ ਤਾਂ ਉਹ ਸਿਗਰਟ ਵਾਪਸ ਕਰਨ ਜਾਂ ਇਸ ਦੀ ਅਦਾਇਗੀ ਕਰਨ ਲਈ ਦੁਕਾਨ 'ਤੇ ਆਇਆ। ਅਜਿਹੇ 'ਚ ਉਨ੍ਹਾਂ ਦੀ ਗੱਲਬਾਤ ਵੀ ਮੋਬਾਇਲ ਦੇ ਕੈਮਰੇ 'ਚ ਵੀ ਰਿਕਾਰਡ ਹੋ ਗਈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਚੰਡੀਗੜ੍ਹ ਪੁਲਿਸ ਦੀ ਕਾਰਗੁਜਾਰੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕਰੀਬ ਦੋ ਦਹਾਕਿਆਂ ਤੋਂ ਲਾਪਤਾ ਸਿਪਾਹੀ ਦਾ ਪੁੱਤਰ ਇਨਸਾਫ ਲਈ ਪਾਣੀ ਵਾਲੀ ਟੈਂਕੀ ਉੱਤੇ ਚੜ੍ਹਿਆ