ਚੰਡੀਗੜ੍ਹ: ਬੇਅਦਬੀ ਕਾਂਡ ਮਾਮਲੇ ਦੀ ਜਾਂਚ ਨੂੰ ਲੈ ਕੇ ਸੀਬੀਆਈ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਸੀਬੀਆਈ ਵੱਲੋਂ ਬੇਅਦਬੀ ਕਾਂਡ ਮਾਮਲੇ 'ਚ ਐਸਆਈਟੀ ਜਾਂਚ ਰੋਕਣ ਲਈ ਇਹ ਪਟੀਸ਼ਨ ਦਾਖਲ ਕੀਤੀ ਹੈ।
ਸੀਬੀਆਈ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਦੇ ਹੋਏ ਪੰਜਾਬ ਪੁਲਿਸ ਦੀ ਐਸਆਈਟੀ ਟੀਮ ਤੋਂ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਦੀ ਮੰਗ ਕੀਤੀ ਹੈ। ਸੀਬੀਆਈ ਨੇ ਪਟੀਸ਼ਨ 'ਚ ਕਿਹਾ ਕਿ ਉਹ ਇਹ ਜਾਣਕਾਰੀ ਚਾਹੁੰਦੇ ਹਨ ਕਿ ਐਸਆਈਟੀ ਟੀਮ ਵੱਲੋਂ ਇਸ ਮਾਮਲੇ ਨੂੰ ਲੈ ਕੇ 63, 117, 128 ਨੰਬਰ ਦਰਜ ਐਫਆਈਆਰ 'ਤੇ ਹੁਣ ਤੱਕ ਕੀ ਜਾਂਚ ਕੀਤੀ ਗਈ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੀਬੀਆਈ ਦੀ ਇਸ ਪਟੀਸ਼ਨ ਉੱਤੇ ਭੱਲਕੇ ਯਾਨੀ 10 ਜੁਲਾਈ ਨੂੰ ਸੁਣਵਾਈ ਹੋਵੇਗੀ।
ਇਸ ਬਾਰੇ ਦੱਸਦੇ ਹੋਏ ਬੇਅਦਬੀ ਮਾਮਲਿਆਂ ਦੇ ਵਕੀਲ ਜੀਪੀਐਸ ਬੱਲ ਨੇ ਕਿਹਾ ਕਿ ਸੀਬੀਆਈ ਪਹਿਲਾਂ ਹੀ ਆਪਣੀ ਰਿਪੋਰਟ ਕੋਰਟ ਵਿੱਚ ਪੇਸ਼ ਕਰ ਚੁੱਕੀ ਸੀ। ਸੀਬੀਆਈ ਨੇ ਪਟੀਸ਼ਨ 'ਚ ਇਹ ਦਲੀਲ ਪੇਸ਼ ਕੀਤੀ ਹੈ ਕਿ ਜੇਕਰ ਸੀਬੀਆਈ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਦੀ ਐਸਆਈਟੀ ਮਾਮਲੇ ਦੀ ਜਾਂਚ ਕਿਵੇਂ ਕਰ ਸਕਦੀ ਹੈ। ਉਨ੍ਹਾਂ ਆਖਿਆ ਕਿ ਇੱਕੋ ਮਾਮਲੇ 'ਤੇ ਦੋ ਇੰਨਵੈਸਟਿਗੇਸ਼ਨ ਏਜੰਸੀਆਂ ਇੱਕੋ ਸਮੇਂ 'ਚ ਜਾਂਚ ਨਹੀਂ ਕਰ ਸਕਦੀਆਂ।