ਮੋਹਾਲੀ: ਸਥਾਨਕ ਸੀਬੀਆਈ ਕੋਰਟ ਵਿੱਚ ਬਰਗਾੜੀ ਬੇਅਦਬੀ ਮਾਮਲੇ 'ਚ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਸਮੇਤ ਤਿੰਨ ਮੁਲਜ਼ਮਾਂ ਵਿਰੁੱਧ ਜਾਂਚ ਬੰਦ ਕਰਨ ਲਈ ਅਦਾਲਤ 'ਚ ਪਾਈ ਗਈ ਪਟੀਸ਼ਨ 'ਤੇ ਪੰਜਾਬ ਸਰਕਾਰ ਵੱਲੋਂ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2015 'ਚ ਹੋਈ ਬੇਅਦਬੀ ਦੀ ਘਟਨਾ 'ਚ ਬੁਰਜ ਜਵਾਹਰ ਸਿੰਘ ਪਿੰਡ ਤੋਂ ਮਹਿੰਦਰ ਬਿੱਟੂ ਨੂੰ ਮੁੱਖ ਦੋਸ਼ੀ ਵੱਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਸੁਖਜਿੰਦਰ ਸੰਨੀ ਕੰਡਾ ਤੇ ਸ਼ਕਤੀ ਸਿੰਘ 'ਤੇ ਵੀ ਕਾਰਵਾਈ ਕੀਤੀ ਸੀ ਪਰ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਪਿਛਲੇ ਮਹੀਨੇ ਜੇਲ੍ਹ 'ਚ ਕਤਲ ਕਰ ਦਿੱਤਾ ਗਿਆ ਸੀ।
ਸੀਬੀਆਈ ਦੇ ਐਸਪੀ ਪੀ.ਵੀ. ਚੱਕਰਵਰਤੀ ਨੇ ਮੋਹਾਲੀ ਅਦਾਲਤ 'ਚ ਇਹ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਵਿਰੁੱਧ ਜਾਂਚ 'ਚ ਕੋਈ ਠੋਸ ਸਬੂਤ ਬਰਾਮਦ ਨਹੀਂ ਹੋਏ ਹਨ, ਜਿਸ ਕਾਰਨ ਜਾਂਚ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਸਬੰਧੀ 23 ਜੁਲਾਈ ਨੂੰ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ।
ਪਟੀਸ਼ਨ 'ਤੇ ਨਰਾਜ਼ਗੀ ਜ਼ਾਹਰ ਕਰਦਿਆਂ ਪੰਜਾਬ ਕੈਬੀਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਹਰਿਆਣਾ 'ਚ ਵਿਧਾਨਸਭਾ ਚੋਣਾਂ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਸੀਬੀਆਈ ਦੇ ਐਸਪੀ ਪੀ.ਵੀ. ਚੱਕਰਵਰਤੀ ਨੇ ਕਿਹਾ ਹੈ ਕਿ ਇਹ ਰਿਪੋਰਟ ਦਿੱਲੀ ਤੋਂ ਭੇਜੀ ਗਈ ਹੈ ਜਿਸ ਨੂੰ ਮੈਜਿਸਟ੍ਰੇਟ ਵੱਲੋਂ ਰਜਿਸਟਰ ਕਰ ਲਿਆ ਗਿਆ ਹੈ ਅਤੇ ਆਉਣ ਵਾਲੀ 23 ਜੁਲਾਈ ਨੂੰ ਇਸ 'ਤੇ ਸੁਣਵਾਈ ਹੋਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਇਸ ਸਿਆਸੀ ਮੁੱਦੇ ਤੇ ਕਦੋਂ ਅਤੇ ਕਿਸ ਹੱਦ ਤਕ ਸਿਆਸਤ ਹੁੰਦੀ ਹੈ, ਅਤੇ 23 ਜੁਲਾਈ ਨੂੰ ਕਿਸ ਦੇ ਹੱਕ 'ਚ ਫ਼ੈਸਲਾ ਸੁਣਾਇਆ ਜਾਵੇਗਾ।ਵ ਇਹ ਵੀ ਪੜ੍ਹੋ- ਕੁਰੂਕਸ਼ੇਤਰ: ਚੱਲਦੀ ਬੱਸ 'ਚ ਲੱਗੀ ਅੱਗ, 2 ਸਵਾਰੀਆਂ ਜ਼ਿੰਦਾ ਸੜੀਆਂ, 12 ਝੁਲਸੇ