ਚੰਡੀਗੜ੍ਹ: ਬਾਲੀਵੁੱਡ ਦੇ ਦਿੱਗਜ ਐਕਟਰ ਅਤੇ ਨਿਰਦੇਸ਼ਕ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਮਹੇਸ਼ ਮਾਂਜਰੇਕਰ, ਜੋ ਆਪਣੀ ਪੰਜਾਬੀ ਫਿਲਮ 'ਮੁੱਕ ਗਈ ਫ਼ੀਮ ਡੱਬੀ 'ਚੋਂ ਯਾਰੋ' ਦੁਆਰਾ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਪ੍ਰਭਾਵੀ ਅਦਾਕਾਰੀ ਦਾ ਮੁਜ਼ਾਹਰਾ ਕਰਦੀ ਇਹ ਫਿਲਮ ਜਲਦ ਦੇਸ਼-ਵਿਦੇਸ਼ ਰਿਲੀਜ਼ ਹੋਣ ਜਾ ਰਹੀ ਹੈ।
'ਅੰਬਰਸਰੀਆ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਦਿਲਚਸਪ ਡਰਾਮਾ ਫਿਲਮ ਦਾ ਨਿਰਦੇਸ਼ਨ ਪ੍ਰਤਿਭਾਵਾਨ ਅਤੇ ਨੌਜਵਾਨ ਫਿਲਮਕਾਰ ਗੌਰਵ ਰਾਣਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ 'ਮੈਂ ਲੜੇਗਾ', 'ਸੀਤੋ ਮਰਜਾਣੀ', 'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ', 'ਚਿੱਠੀ', 'ਚੌਸਰ: ਦਾ ਪਾਵਰ ਆਫ ਗੇਮ' ਆਦਿ ਫਿਲਮਾਂ ਸ਼ੁਮਾਰ ਰਹੀਆਂ ਹਨ।
ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਪਲੇਅ ਕਰਦੇ ਨਜ਼ਰੀ ਆਉਣਗੇ ਮਹੇਸ਼ ਮਾਂਜਰੇਕਰ, ਜੋ ਪਹਿਲੀ ਵਾਰ ਕਿਸੇ ਫਿਲਮ ਦਾ ਹਿੱਸਾ ਬਣੇ ਹਨ, ਜੋ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਐਕਟਰਜ਼ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ, ਜਿੰਨ੍ਹਾਂ ਵਿੱਚ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਸੁਖਵਿੰਦਰ ਰਾਜ, ਦੀਦਾਰ ਗਿੱਲ, ਰੂਪਿੰਦਰ ਰੂਪੀ, ਮਨਪ੍ਰੀਤ ਮਨ, ਹਨੀ ਮੱਟੂ, ਸੀਰਤ ਮਸਤ ਆਦਿ ਸ਼ਾਮਿਲ ਹਨ।
ਸਰਮਾਏਦਾਰੀ ਸਿਸਟਮ ਦੁਆਲੇ ਬੁਣੀ ਉਕਤ ਫਿਲਮ ਵਿੱਚ ਅਦਾਕਾਰ ਮਹੇਸ਼ ਮਾਂਜਰੇਕਰ ਕਾਫ਼ੀ ਅਲਹਦਾ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਦੇ ਇਰਦ-ਗਿਰਦ ਘੁੰਮਦੀ ਇਸ ਫਿਲਮ ਵਿੱਚ ਰਾਜਸਥਾਨੀ ਕਲਚਰ ਅਤੇ ਸਮਾਜ ਦੇ ਕਈ ਅਜਿਹੇ ਅਨੂਠੇ ਰੰਗ ਪੰਜਾਬੀ ਸਿਨੇਮਾ ਸਕ੍ਰੀਨ ਉਪਰ ਵੇਖਣ ਨੂੰ ਮਿਲਣਗੇ, ਜੋ ਪਹਿਲਾਂ ਪਾਲੀਵੁੱਡ ਦੀ ਕਿਸੇ ਫਿਲਮ ਵਿੱਚ ਰੂਪਮਾਨ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ: