ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ 4 ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੈ। NIA ਨੇ ਚਾਰਾਂ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰ ਲਈ ਹੈ। 23 ਦਸੰਬਰ 2021 ਨੂੰ ਹੋਏ ਧਮਾਕੇ ਵਿੱਚ ਆਈਈਡੀ ਨਾਲ ਬੰਬ ਵਿਸਫੋਟ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ ਤੇ 6 ਹੋਰ ਜ਼ਖ਼ਮੀ ਹੋ ਗਏ ਸਨ, ਧਮਾਕਾ ਕਰਨ ਵਾਲੇ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵੱਜੋਂ ਹੋਈ ਸੀ। NIA ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਇਹ ਧਮਾਕਾ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਯੂਥ ਫੈਡਰੇਸ਼ਨ (ISYF) ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।
NIA Attaches Immovable Properties of 4 Accused in Ludhiana Court Complex IED Blast Case pic.twitter.com/QKV63wOpkZ
— NIA India (@NIA_India) January 7, 2025
4 ਮੁਲਜ਼ਮਾਂ ਦੀ ਜਾਇਦਾਦ ਕੀਤੀ ਜ਼ਬਤ
ਮਾਮਲੇ ਦੀ ਜਾਂਚ ਤੋਂ ਬਾਅਦ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਏਜੰਸੀ ਨੇ ਮੁਲਜ਼ਮ ਸੁਰਮੁੱਖ ਨੂੰ ਪਿੰਡ ਕੋਟਲੀ ਖੇੜਾ ਦੀ ਕੁੱਲ 15 ਕਨਾਲ 19 ਮਰਲੇ, ਮੁਲਜ਼ਮ ਦਿਲਬਾਗ ਸਿੰਘ ਬੱਗੋ, ਪਿੰਡ ਚੱਕਾ ਅੱਲ੍ਹਾ ਬਖਸ਼ ਦੀ ਕੁੱਲ 27 ਕਨਾਲ 16 ਮਰਲੇ ਜ਼ਮੀਨ ਬਰਾਮਦ ਕਰ ਲਈ। ਦੋਸ਼ੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ, ਪਿੰਡ ਮੰਡੀ ਖੁਰਦ ਦੀ ਕੁੱਲ 27 ਕਨਾਲ 1 ਮਰਲੇ ਅਤੇ ਪਿੰਡ ਬੱਖਾ ਹਰੀ ਸਿੰਘ ਦੀ 15 ਮਰਲੇ ਅਤੇ ਰਾਜਨਪ੍ਰੀਤ ਸਿੰਘ ਦੇ ਪਿੰਡ ਕੋਲੋਵਾਲ ਅੰਮ੍ਰਿਤਸਰ ਦੀ ਕੁੱਲ 15 ਕਨਾਲ 18 ਮਰਲੇ ਜ਼ਮੀਨ ਜ਼ਬਤ ਕਰ ਲਈ ਗਈ ਹੈ।
ਬਾਥਰੂਮ 'ਚੋਂ ਮਿਲੀ ਸੀ ਲਾਸ਼
ਇਹ ਧਮਾਕਾ ਲੁਧਿਆਣਾ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਸਥਿਤ ਬਾਥਰੂਮ 'ਚ ਹੋਇਆ ਸੀ। ਇਸ ਕਾਰਨ ਬਾਥਰੂਮ ਦੀਆਂ ਦੋ ਕੰਧਾਂ ਡਿੱਗ ਗਈਆਂ ਅਤੇ ਫਰਸ਼ ਟੁੱਟ ਕੇ ਦੂਜੀ ਮੰਜ਼ਿਲ 'ਤੇ ਪਹੁੰਚ ਗਿਆ ਸੀ। ਧਮਾਕੇ ਤੋਂ ਬਾਅਦ ਮੌਕੇ 'ਤੇ ਇੱਕ ਲਾਸ਼ ਮਿਲੀ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਹ ਲਾਸ਼ ਉਸ ਵਿਅਕਤੀ ਦੀ ਹੈ ਜੋ ਬੰਬ ਫਿੱਟ ਕਰ ਰਿਹਾ ਸੀ। ਧਮਾਕੇ ਵਿੱਚ ਉਸਦਾ ਚਿਹਰਾ ਅਤੇ ਲੱਤਾਂ ਦੇ ਟੁਕੜੇ ਹੋ ਗਏ ਸਨ। ਉਸ ਸਮੇਂ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਜਿਸ ਵਿਅਕਤੀ ਦੀ ਲਾਸ਼ ਬਾਥਰੂਮ 'ਚੋਂ ਮਿਲੀ ਸੀ, ਉਹ ਵਿਸਫੋਟਕ ਲੈ ਕੇ ਜਾ ਰਿਹਾ ਸੀ। ਉਹ ਸ਼ਾਇਦ ਆਈਈਡੀ ਰਾਹੀਂ ਬੰਬ ਫਿੱਟ ਕਰ ਰਿਹਾ ਸੀ ਅਤੇ ਉਸੇ ਸਮੇਂ ਧਮਾਕਾ ਹੋ ਗਿਆ।