ਬਠਿੰਡਾ: ਬਠਿੰਡਾ ਬੱਸ ਸਟੈਂਡ 'ਤੇ 2 ਦਿਨ ਦੀ ਹੜਤਾਲ 'ਤੇ ਗਏ ਕਲੈਰੀਕਲ ਸਟਾਫ ਦੀ ਪੀਆਰਟੀਸੀ ਮੈਨੇਜਮੈਂਟ ਨੇ ਹਾਜ਼ਰੀ ਨਹੀਂ ਲੱਗਣ ਦਿੱਤੀ ਗਈ। ਜਿਸ ਤੋਂ ਬਾਅਦ ਸਮੂਹ ਕੱਚਾ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਬੱਸ ਸਟੈਂਡ ਬੰਦ ਕਰਕੇ ਕੰਮਕਾਜ ਠੱਪ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਪੰਜਾਬ ਰੋਡਵੇਜ਼ ਦੇ ਡਿਪੂਆਂ ਵਿੱਚ ਵੀ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ।
ਪੰਜਾਬ ਦੇ 9 ਡਿਪੂ ਕੀਤੇ ਬੰਦ
ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਠੱਪ ਕਰਕੇ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਂ ਦਿੱਤੇ ਜਾਣ ਤੋਂ ਬਾਅਦ ਇਹ ਹੜਤਾਲ ਵਾਪਸ ਲੈ ਲਈ ਹੈ, ਪਰ ਹੜਤਾਲ ਤੋਂ ਪਰਤੇ ਠੇਕਾ ਮੁਲਾਜ਼ਮਾਂ ਦੀ ਹਾਜ਼ਰੀ ਨਾ ਲਗਾਉਣ ਅਤੇ ਬੱਸਾਂ ਨਾ ਦੇਣ ਦੇ ਰੋਸ ਵਜੋਂ ਮੈਨੇਜਮੈਂਟ ਦੇ ਖਿਲਾਫ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ 9 ਡਿਪੂ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਮੈਨੇਜਮੈਂਟ ਦਾ ਅੜੀਅਲ ਰਵੱਈਆ
ਪੀਆਰਟੀਸੀ ਅਤੇ ਪਨਬਸ ਠੇਕਾ ਮੁਲਾਜ਼ਮ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਹੜਤਾਲ 100 ਫੀਸਦ ਕਾਮਯਾਬ ਰਹਿਣ ਉੱਤੇ ਮੈਨੇਜਮੈਂਟ ਵੱਲੋਂ ਆੜੀਅਲ ਰਵਈਆ ਅਪਣਾਉਂਦੇ ਹੋਏ ਅੱਜ ਕੰਮ ਉੱਤੇ ਮੁੜ ਪਰਤਣ ਤੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਹਾਜ਼ਰੀ ਨਹੀਂ ਲਗਾਈ ਜਾ ਰਹੀ ਹੈ। ਜਿਸ ਦੇ ਰੋਸ ਵੱਜੋਂ ਅਸੀਂ ਪੂਰੇ ਪੰਜਾਬ ਵਿੱਚ 9 ਬੱਸ ਡਿਪੂ ਬੰਦ ਕਰ ਦਿੱਤੇ ਹਨ ਤੇ ਪ੍ਰਦਰਸ਼ਨ ਕਰ ਰਹੇ ਹਾਂ। ਜੇਕਰ ਮੈਨੇਜਮੈਂਟ ਵੱਲੋਂ ਆਪਣਾ ਅੜੀਅਲ ਰਵੱਈਆ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹ ਮੁੜ ਹੜਤਾਲ ਉੱਤੇ ਜਾਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਿੱਤੇ ਜਾਣ ਤੋਂ ਬਾਅਦ ਮੈਨੇਜਮੈਂਟ ਉਹਨਾਂ ਦੀ ਸਫਲ ਹੋਈ ਹੜਤਾਲ ਤੋਂ ਚਿੜੀ ਹੋਈ ਹੈ ਅਤੇ ਲਗਾਤਾਰ ਠੇਕਾ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਸਮਾਂ ਹਾਜ਼ਰੀ ਨਹੀਂ ਲਗਾਈ ਜਾਵੇਗੀ ਉਨ੍ਹਾਂ ਸਮਾਂ ਡਿਪੂ ਦੇ ਗੇਟ ਬੰਦ ਰੱਖੇ ਜਾਣਗੇ।