ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਅਗਵਾਈ ਕਰਨਗੇ।
ਲੋਕਾਂ ਨੇ ਮੁੜ ਪ੍ਰਵਾਨਿਤ ਕੀਤੀ ਮੁੱਖ ਮੰਤਰੀ ਦੀ ਲੀਡਰਸ਼ਿਪ
ਮੁੱਖ ਮੰਤਰੀ ਵੱਲੋਂ ਸਮਾਰਟ ਸਿਟੀ ਅਤੇ ਅਮਰੁਤ ਸਕੀਮਾਂ ਤਹਿਤ 1,087 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਲਈ ਹੋਏ ਇੱਕ ਸਮਾਗਮ ਦੌਰਾਨ ਜਾਖੜ ਨੇ ਕਿਹਾ ਕਿ ਮਿਊਂਸਪਲ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਨਾਲ ਵੋਟਰਾਂ ਨੇ ਨਾ ਸਿਰਫ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਮੁੜ ਪ੍ਰਵਾਨਿਤ ਕੀਤਾ ਹੈ ਸਗੋਂ ਉਨ੍ਹਾਂ ਦੀ ਭਵਿੱਖੀ ਅਗਵਾਈ ਵਿੱਚ ਵੀ ਪੰਜਾਬੀਆਂ ਨੇ ਭਰੋਸਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਿਸ਼ਨ ‘2022 ਲਈ ਕੈਪਟਨ’ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੀ ਹੈ ਅਤੇ ਅਗਲੀਆਂ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਵਿੱਚ ਹੀ ਲੜੇਗੀ।
ਮੁੱਖ ਮੰਤਰੀ ਕੈਪਟਨ ਨੇ ਔਖੇ ਸਮਿਆਂ 'ਚ ਕੀਤੀ ਕਾਂਗਰਸ ਦੀ ਅਗਵਾਈ
ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਔਖੇ ਸਮਿਆਂ ਵਿੱਚ ਕਾਂਗਰਸ ਦੀ ਅਗਵਾਈ ਕੀਤੀ ਹੈ ਅਤੇ ਪੰਜਾਬ ਦੇ ਲੋਕ ਸੂਬੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਭਲੀ-ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਇਸ ਵੇਲੇ ਬਹੁਤ ਬੁਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਚਾਹੇ ਕੋਵਿਡ ਦੀ ਗੱਲ ਹੋਵੇ, ਕਾਲੇ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ’ਚ ਬੇਚੈਨੀ ਦੀ ਗੱਲ ਹੋਵੇ ਜਾਂ ਫਿਰ ਕੇਂਦਰ ਸਰਕਾਰ ਦੇ ਸੂਬੇ ਪ੍ਰਤੀ ਬੇਰੁਖੀ ਵਾਲੇ ਵਿਹਾਰ ਦੀ, ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਲੀਡਰਸ਼ਿਪ ਵਾਲੀ ਪਹੁੰਚ ਹੀ ਸੂਬੇ ਨੂੰ ਇਸ ਤੋਂ ਬਾਹਰ ਕੱਢਣ ਦੇ ਸਮਰੱਥਵਾਨ ਹੈ।
ਕੇਂਦਰ ਸਰਕਾਰ ’ਤੇ ਵਰ੍ਹੇ ਜਾਖੜ
ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨੇ ਕੇਂਦਰ ਸਰਕਾਰ ’ਤੇ ਵਰਦਿਆਂ ਜਾਖੜ ਨੇ ਕਿਹਾ ਕਿ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦੇ ਇਵਜ਼ ਵਿੱਚ ਸੂਬੇ ਨੂੰ ਸਜ਼ਾ ਦੇਣ ਲਈ ਕੇਂਦਰ ਸਰਕਾਰ ਨੇ ਆਰਥਿਕ ਨਾਕਾਬੰਦੀ ਸਮੇਤ ਹਰੇਕ ਤਰ੍ਹਾਂ ਦਾ ਹੜ੍ਹਬਾ ਵਰਤਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਅਧੀਨ ਮੁਲਕ ਦਾ ਸੰਘੀ ਢਾਂਚਾ ਖ਼ਤਰੇ ਹੇਠ ਹੈ। ਜਾਖੜ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਕੇਂਦਰ ਸਰਕਾਰ ਦੇ ਫੈਸਲੇ ’ਤੇ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਕੇਂਦਰ ਸੂਬੇ ਵਿਰੁੱਧ ਪੱਖਪਾਤੀ ਰਵੱਈਆ ਅਪਣਾ ਰਿਹਾ ਹੈ।
ਪਿੰਡਾਂ ਸਣੇ ਸ਼ਹਿਰਾਂ 'ਚ ਵੀ ਵਿਕਾਸ ਕਾਰਜ ਜਾਰੀ
ਜਾਖੜ ਨੇ ਕਿਹਾ ਕਿ ਇਹ ਗ਼ਲਤ ਧਾਰਨਾ ਪਾਈ ਜਾ ਰਹੀ ਸੀ ਕਿ ਉਨ੍ਹਾਂ ਦੀ ਸਰਕਾਰ ਸਿਰਫ ਪੇਂਡੂ ਇਲਾਕਿਆਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਇੱਕ ਖੇਤੀ ਅਰਥਚਾਰੇ ਵਾਲਾ ਸੂਬਾ ਹੈ ਅਤੇ ਸ਼ਹਿਰੀ ਇਲਾਕਿਆਂ ਵਿੱਚ ਵਿਆਪਕ ਪੱਧਰ ’ਤੇ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨਾਲ ਇਹ ਧਾਰਨਾ ਵੀ ਦੂਰ ਹੋਵੇਗੀ।
ਅੰਮ੍ਰਿਤਸਰ ਨੂੰ ਬਣਾਇਆ ਜਾਵੇ ਸਰਵੋਤਮ ਸ਼ਹਿਰ
ਜਾਖੜ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਲ 2022 ਲਈ ਕਾਂਗਰਸ ਦੇ ਮੈਨੀਫੈਸਟੋ ਵਿੱਚ ਅੰਮ੍ਰਿਤਸਰ-‘ਗੁਰੂ ਕੀ ਨਗਰੀ’ ਨੂੰ ਸਰਵੋਤਮ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਵੈਟੀਕਨ ਸਿਟੀ ਦੀ ਤਰਜ਼ ਉਤੇ ਦੁਨੀਆਂ ਦੇ ਸਰਵੋਤਮ ਸ਼ਹਿਰਾਂ ਵਿੱਚੋਂ ਇੱਕ ਬਣਾਇਆ ਜਾਣਾ ਚਾਹੀਦਾ ਹੈ।