ਚੰਡੀਗੜ੍ਹ: ਰਾਜ ਵਿੱਚ ਬਿਜਲੀ ਦੇ ਵੱਡੇ ਕੱਟ ਕਾਰਨ ਆਮ ਆਦਮੀ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ ਅਤੇ ਸਰਕਾਰੀ ਦਫ਼ਤਰਾਂ ਵਿੱਚ ਏਸੀ ਨਹੀਂ ਚਲਾਉਣ ਦੀ ਵੀ ਅਪੀਲ ਕੀਤੀ ਹੈ। ਝੋਨੇ ਦੀ ਬਿਜਾਈ ਸਮੇਂ 8 ਘੰਟੇ ਬਿਜਲੀ ਬੰਦ ਹੋਣ ਕਾਰਨ ਗੁੱਸੇ ਵਿਚ ਆ ਕੇ, ਕਿਸਾਨ ਕਈ ਥਾਵਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ, ਮੁੱਖ ਮੰਤਰੀ ਦੀ ਬੇਨਤੀ 'ਤੇ ਪੀਐਸਪੀਸੀਐਲ ਦੇ ਇੰਜੀਨੀਅਰਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।
ਸ੍ਰੋਮਣੀ ਅਕਾਲੀ ਦਲ ਨੇ ਬਿਜਲੀ ਸੰਕਟ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ
ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਸੰਕਟ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਪਲੱਸ ਬਿਜਲੀ ਸੂਬਾ ਹੋਣ ਦੇ ਬਾਵਜੂਦ ਕਾਂਗਰਸ ਰਾਜ ਵਿੱਚ ਕਿਸਾਨਾਂ ਸਣੇ ਆਮ ਲੋਕਾਂ ਨੂੰ ਬਿਜਲੀ ਪੂਰੀ ਨਹੀਂ ਮਿਲ ਰਹੀ। ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਬਿਜਲੀ ਸਰਪਲੱਸ ਹੁੰਦੀ ਸੀ। ਉਨ੍ਹਾਂ ਵੱਲੋਂ 4000 ਕਰੋੜ ਖਰਚ ਕਰ ਨਵੇਂ ਗਰਿੱਡ ਫੀਡਰ ਸਬ ਸਟੇਸ਼ਨ ਅਤੇ ਲਾਈਨਿੰਗ ਵੀ ਕਰਵਾਈ ਪਰ ਕੈਪਟਨ ਅਮਰਿੰਦਰ ਸਿੰਘ ਕੋਲ ਬਿਜਲੀ ਵਿਭਾਗ ਹੋਣ ਦੇ ਬਾਵਜੂਦ ਸਾਰੀ ਮਿਹਨਤ ਉਨ੍ਹਾਂ ਦੀ ਖ਼ਰਾਬ ਕਰ ਦਿੱਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਵਿੱਚ ਹਰ ਹਫ਼ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਸਨ ਕਿ ਕਿੰਨੀ ਬਿਜਲੀ ਦੀ ਜ਼ਰੂਰਤ ਹੈ ਅਤੇ ਸੂਬੇ ਕੋਲ ਕਿੰਨੀ ਮੌਜੂਦਾ ਬਿਜਲੀ ਹੈ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਨੂੰ ਮਹੀਨੇ ਅਤੇ ਛੇ ਮਹੀਨੇ ਦੀ ਬਿਜਲੀ ਦੀ ਰਿਪੋਰਟ ਬਣਾਈ ਜਾਂਦੀ ਸੀ।
ਉਥੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਉਸ ਵਿਖੇ ਸ਼ਨੀਵਾਰ ਨੂੰ ਰੋਸ ਪ੍ਰਦਰਸ਼ਨ ਕਰੇਗੀ।
ਪੰਜਾਬ ਵਿਚ ਬਿਜਲੀ ਦੀ ਸਥਿਤੀ
ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ 3 ਯੂਨਿਟ ਹਨ ਜੋ 1980 ਮੈਗਾਵਾਟ ਪੈਦਾ ਕਰਦੀਆਂ ਹਨ ਜਿਨ੍ਹਾਂ ਵਿਚੋਂ 660 ਮੈਗਾਵਾਟ ਉਤਪਾਦਕ ਯੂਨਿਟ ਇਸ ਸਾਲ ਫੇਲ੍ਹ ਹੋਈ।
100 ਕਿਲੋਵਾਟ ਤੋਂ ਵੱਧ ਖਪਤ ਕਰਨ ਵਾਲੇ ਉਦਯੋਗ ਨੂੰ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਜ਼ੋਨ ਦੇ ਸੱਤ ਸ਼ਹਿਰਾਂ ਵਿੱਚ 48 ਘੰਟਿਆਂ ਲਈ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ
ਉੱਤਰੀ ਜ਼ੋਨ ਵਿਚ ਸੈਂਟਰਲ ਜ਼ੋਨ ਦੇ ਵੱਖ-ਵੱਖ ਇਲਾਕਿਆਂ ਤੋਂ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਪੰਜ ਸਰਕਲ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ।
ਜੇ ਕੋਈ ਉਦਯੋਗ ਇਸ ਘੰਟੇ ਦੌਰਾਨ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਦਾ ਬਿਜਲੀ ਕੁਨੈਕਸ਼ਨ ਵੀ ਕੱਟਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:ਬਿਜਲੀ ਕੱਟਾਂ ਖਿਲਾਫ ਪ੍ਰਦਰਸ਼ਨ ਕਰਨ ਆਏ BJP ਆਗੂ ਕਿਸਾਨਾਂ ਨੇ ਭਜਾਏ
ਥਰਮਲ ਪਲਾਂਟ ਘੱਟ ਬਿਜਲੀ ਪੈਦਾ ਕਰ ਰਹੇ ਹਨ
- ਰੋਪੜ ਥਰਮਲ ਪਲਾਂਟ 840 ਮੈਗਾਵਾਟ ਜਨਰੇਟ ਦੀ ਸ਼ਮਤਾ ਹੈ ਲੇਕਿਨ 706 ਮੈਗਾਵਾਟ ਬਿਜਲੀ ਜਨਰੇਟ ਕਰ ਰਿਹੈ।
- ਲਹਿਰਾ ਮੁਹੱਬਤ ਪਲਾਂਟ 920 ਮੈਗਾਵਾਟ ਜਨਰੇਟ ਦੀ ਸ਼ਮਤਾ ਹੈ ਲੇਕਿਨ 838 ਮੈਗਾਵਾਟ ਬਿਜਲੀ ਪੈਦਾ ਕਰ ਰਿਹੈ।
- ਰਣਜੀਤ ਸਾਗਰ ਡੈਮ 600 ਮੈਗਾਵਾਟ ਦੀ ਸਮਰੱਥਾ ਹੈ ਲੇਕਿਨ 404 ਮੈਗਾਵਾਟ ਜਨਰੇਟ ਕਰ ਰਿਹੈ।
- ਰਾਜਪੁਰਾ ਥਰਮਲ ਪਲਾਂਟ 1400 ਮੈਗਾਵਾਟ ਦੀ ਸਮਰੱਥਾ ਹੈ ਲੇਕਿਨ 1321 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ।
- ਤਲਵੰਡੀ ਸਾਬੋ 1980 ਮੈਗਾਵਾਟ ਦੀ ਸਮਰੱਥਾ ਹੈ ਲੇਕਿਨ 1226 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਜਦ ਕਿ ਇਕ ਯੂਨਿਟ ਚਾਰ ਮਹੀਨੇ ਤੋਂ ਬੰਦ ਹੈ।
- GVK ਲਿਮਟਿਡ 540 ਮੈਗਾਵਾਟ ਲੇਕਿਨ 501 ਮੈਗਾਵਾਟ ਪੈਦਾ ਕਰ ਰਿਹਾ।
ਪੰਜਾਬ ਲਈ ਬਿਜਲੀ ਸਪਲਾਈ ਦੇ ਸਾਧਨ
ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀ ਕੇ ਗੁਪਤਾ ਦੇ ਅਨੁਸਾਰ, ਪੰਜਾਬ ਸੌਰ ਪਾਵਰ ਸਮੇਤ ਵੱਖ ਵੱਖ ਸਰੋਤਾਂ ਤੋਂ ਲਗਭਗ 5,500 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰਦਾ ਹੈ, ਇਹ ਉੱਤਰੀ ਗਰਿੱਡ ਤੋਂ ਵੱਧ ਤੋਂ ਵੱਧ 7,300 ਮੈਗਾਵਾਟ ਦੀ ਦਰਾਮਦ ਕਰ ਸਕਦਾ ਹੈ। ਮੌਜੂਦਾ ਸਥਿਤੀ ਵਿਚ ਪੰਜਾਬ ਲਗਭਗ 12,800 ਮੈਗਾਵਾਟ ਬਿਜਲੀ ਸਪਲਾਈ ਕਰ ਸਕਦਾ ਹੈ।
ਸੂਬੇ ਵਿਚ ਕਿੰਨੇ ਹਨ ਬਿਜਲੀ ਦੇ ਕੁਨੈਕਸ਼ਨ ?
- ਮਾਰਚ 2021 ਤੱਕ ਸੂਬੇ ਦੇ ਵਿੱਚ ਵੱਖ ਵੱਖ ਕੈਟਾਗਰੀਆਂ ਦੇ ਕੁਲ ਕੁਨੈਕਸ਼ਨ ਹਨ।
- ਘਰੇਲੂ 72 ਲੱਖ
- ਕਮਰਸ਼ੀਅਲ 11 ਲੱਖ
- ਇੰਡਸਟਰੀ 1.5 ਲੱਖ
- ਖੇਤੀਬਾੜੀ 14 ਲੱਖ
ਬਿਜਲੀ ਦੀ ਸੂਬੇ ਵਿਚ ਕਿੰਨੀ ਵਧੀ ਮੰਗ ?
ਪਾਵਰਕੌਮ ਸੈਂਟਰਲ ਕੰਟਰੋਲ ਰੂਮ ਮੁਤਾਬਕ 14,500 ਮੈਗਾਵਾਟ ਦੀ ਮੰਗ ਹੈ ਜਦਕਿ ਸੂਬੇ ਕੋਲ 13,200 ਮੈਗਾਵਾਟ ਬਿਜਲੀ ਦੀ ਸਪਲਾਈ ਹੋ ਰਹੀ ਹੈ।
ਇਹ ਵੀ ਪੜ੍ਹੋ: ਕੈਪਟਨ ਨੂੰ ਸਲਾਹ ਦੇਣ ਵਾਲੇ ਸਿੱਧੂ ਨੇ ਖੁਦ ਨਹੀਂ ਭਰਿਆ ਬਿਜਲੀ ਬਿੱਲ
ਕਾਂਗਰਸੀ ਵਿਧਾਇਕ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ
ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਸਾਲ 2016 ਵਿੱਚ ਬਿਜਲੀ ਸਮਝੌਤੇ ਦੇ ਹੱਕ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਪਰ ਕਾਂਗਰਸ ਸਰਕਾਰ ਇਨ੍ਹਾਂ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰੇਗੀ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਕਰਨ ਵਿੱਚ ਮੁੱਖ ਦੋਸ਼ੀ ਹਨ।