ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੂਜਾ ਸੀਰੋ ਸਰਵੇਖਣ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੌਰਾਨ ਵੱਡੇ ਪੱਧਰ 'ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਸੂਬੇ ਵਿੱਚ ਕੋਰੋਨਾ ਦੇ ਫੈਲਾਅ ਦਾ ਪਤਾ ਲਗਾਇਆ ਜਾ ਸਕੇ।
ਇਹ ਸਰਵੇਖਣ ਨਵੰਬਰ ਦੇ ਤੀਜੇ ਹਫ਼ਤੇ ਦੌਰਾਨ ਆਮ ਲੋਕਾਂ ਵਿੱਚੋਂ 4800 ਵਿਅਕਤੀਆਂ ਦੇ ਨਮੂਨੇ ਲੈ ਕੇ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਮੌਜੂਦਾ ਮਹੀਨੇ ਦੇ ਅੰਤ ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਵਰਚੁਅਲੀ ਹੋਈ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਮਾਹਿਰਾਂ ਨਾਲ ਸਹਮਿਤੀ ਪ੍ਰਗਟਾਈ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਾਰਸ ਕੋਵ-2 ਦੇ ਫੈਲਾਅ ਦੀ ਹੱਦ ਦਾ ਪਤਾ ਲਗਾਇਆ ਜਾ ਸਕੇ। ਪਹਿਲਾ ਸੀਰੋ ਸਰਵੇਖਣ ਪੰਜ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਐਸ.ਏ.ਐਸ. ਨਗਰ, ਅੰਮ੍ਰਿਤਸਰ ਅਤੇ ਜਲੰਧਰ ਦੇ ਇੱਕ-ਇੱਕ ਕੰਟੇਨਮੈਂਟ ਜ਼ੋਨ ਵਿੱਚ ਕਰਵਾਇਆ ਗਿਆ ਸੀ ਅਤੇ ਸੀਰੋ ਦੀ ਦਰ 27.8 ਫੀਸਦੀ ਪਾਈ ਗਈ ਸੀ।
ਦੂਜੇ ਸਰਵੇਖਣ ਵਿੱਚ 12 ਰੈਂਡਮ ਤੌਰ 'ਤੇ ਚੁਣੇ ਜ਼ਿਲ੍ਹਿਆਂ ਵਿੱਚੋਂ 120 ਕਲੱਸਟਰਾਂ (60 ਪਿੰਡਾਂ ਅਤੇ 60 ਸ਼ਹਿਰੀ ਵਾਰਡਾਂ) ਦੀ ਰੈਂਡਮ ਸੈਂਪਲਿੰਗ ਕੀਤੀ ਜਾਵੇਗੀ ਅਤੇ 40 ਬਾਲਗਾਂ ਨੂੰ ਹਰੇਕ ਕਲੱਸਟਰ ਵਿਚੋਂ ਰੈਂਡਮ ਤੌਰ 'ਤੇ ਚੁਣਿਆ ਜਾਵੇਗਾ। ਸਰਵੇ ਦੌਰਾਨ ਖੂਨ ਦੇ ਨਮੂਨਿਆਂ ਵਿੱਚ ਆਈ.ਜੀ.ਜੀ. ਐਂਟੀ ਬਾਡੀਜ਼ ਦਾ ਪਤਾ ਲਾਉਣ ਲਈ ਐਲੀਸਾ ਟੈਸਟ ਕੀਤਾ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੈਂਪਲਿੰਗ ਸਕੀਮ ਤੇ ਸਰਵੇਖਣ ਦੇ ਢੰਗ ਨੂੰ ਆਈ.ਸੀ.ਐਮ.ਆਰ. ਸੀਰੋ ਸਰਵੇਖਣ ਪ੍ਰੋਟੋਕੋਲ ਤੋ ਲਿਆ ਗਿਆ ਹੈ।