ਚੰਡੀਗੜ੍ਹ: ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਸੂਬੇ ਵਿੱਚ ਜੰਗਲ ਰਾਜ ਵਰਗੇ ਹਾਲਾਤ ਬਣ ਚੱਕੇ ਹਨ।
ਪਾਰਟੀ ਹੈਡਕੁਆਟਰ ਤੋਂ ਬੁੱਧਵਾਰ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ, ਉੱਥੇ ਹੀ ਅਜਿਹੀ ਘਟਨਾਵਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਪੋਲ ਖੋਲ੍ਹ ਰਹੀਆਂ ਹਨ।
ਅਮਨ ਅਰੋੜਾ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਕਰੀਬੀ ਰਿਸ਼ਤੇਦਾਰਾਂ ‘ਤੇ ਪਠਾਨਕੋਟ ਵਿੱਚ ਹੋਏ ਕਾਤਲਾਨਾ ਹਮਲੇ ਤੋਂ ਇਲਾਵਾ ਬਟਾਲਾ ਦੇ ਕੋਲ ਪ੍ਰਸਿੱਧ ਕਬੱਡੀ ਖਿਡਾਰੀ ਦੀ ਹੱਤਿਆ ਅਤੇ ਜਲੰਧਰ ਵਿੱਚ ਇੱਕ 15 ਸਾਲ ਦੀ ਬਹਾਦਰ ਲੜਕੀ ਉੱਤੇ ਹੋਏ ਹਮਲੇ ਵਰਗੀ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਅਪਰਾਧੀ ਅਤੇ ਬਦਮਾਸ਼ਾਂ ਦੇ ਮਨ ਵਿੱਚ ਕਾਨੂੰਨ ਅਤੇ ਪੁਲਿਸ ਦਾ ਕੋਈ ਡਰ ਨਹੀਂ ਹੈ।
ਆਪ ਵਿਧਾਇਕਾਂ ਨੇ ਕਿਹਾ ਕਿ ਜਦੋਂ ਵਧਦੇ ਅਪਰਾਧਿਕ ਘਟਨਾਵਾਂ ਦੇ ਕਾਰਨ ਸ਼ਰੀਫ਼ ਅਤੇ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਵੇ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਣ ਤਾਂ ਇਸ ਲਈ ਸਿੱਧਾ ਸਰਕਾਰ ਜ਼ਿੰਮੇਵਾਰ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ (ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ) ਸੂਬੇ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਿੱਚ ਪੂਰੀ ਤਰਾਂ ਅਸਫ਼ਲ ਸਾਬਤ ਹੋਏ ਹਨ। ਇਸ ਲਈ ਮੁੱਖ ਮੰਤਰੀ ਜਾਂ ਤਾਂ ਆਪਣੀ ਜ਼ਿੰਮੇਵਾਰੀਆਂ ਦੇ ਪ੍ਰਤੀ ਗੰਭੀਰ ਹੋਣ ਜਾਂ ਫਿਰ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਛੱਡ ਦੇਣ।