ਚੰਡੀਗੜ੍ਹ: ਤਿੰਨ ਖੇਤੀ ਆਰਡੀਨੈਂਸਾਂ ਜਿਨ੍ਹਾਂ ਨੇ ਹੁਣ ਬਿੱਲਾਂ ਦੀ ਸ਼ਕਲ ਲੈ ਲਈ ਹੈ। ਇਨ੍ਹਾਂ ਬਿੱਲਾਂ ਨੂੰ ਲੋਕ ਸਭਾ ਵਿੱਚ ਮਨਜ਼ੂਰੀ ਵੀ ਮਿਲ ਗਈ ਹੈ। ਇਨ੍ਹਾਂ ਬਿੱਲਾਂ ਨੇ ਪੰਜਾਬ ਦੀ ਸਿਆਸਤ ਵਿੱਚ ਭਬੂਕਾ ਬਾਲ ਦਿੱਤਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ। ਇਨ੍ਹਾਂ ਬਿੱਲਾਂ ਵਿੱਚ ਮੌਜੂਦ ਪ੍ਰਸਤਾਵਾਂ ਨੇ ਕਿਸਾਨਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ। ਕਿਸਾਨ ਤਿੰਨ ਮਹੀਨਿਆਂ ਤੋਂ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਸੜਕਾਂ 'ਤੇ ਹਨ। ਕਿਸਾਨਾਂ ਦੇ ਵਿਰੋਧ ਦੇ ਭਾਂਬੜ ਨੇ ਬਾਦਲ ਪਰਿਵਾਰ ਕੋਲ ਕੇਂਦਰ ਦੀ ਵਜ਼ਾਰਤ ਕੁਰਸੀ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਆਦ ਸਾਰੀਆਂ ਸਿਆਸੀ ਪਾਰਟੀਆਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
"ਅਕਾਲੀ ਦਲ ਵਜਾ ਰਿਹਾ ਹੈ ਬੇਸੁਰਾ ਢੋਲ"
ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਬੀਬਾ ਬਾਦਲ ਦੇ ਅਸਤੀਫ਼ੇ 'ਤੇ ਟਿਪਣੀ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਅਸਤੀਫਾ ਦੇਣ ਵਿੱਚ ਕੁਵੇਲਾ ਕਰ ਦਿੱਤਾ ਹੈ, ਹੁਣ ਮੌਕਾ ਇਨ੍ਹਾਂ ਦੇ ਹੱਥੋਂ ਨਿਕਲ ਚੁੱਕਿਆ ਹੈ। ਅਕਾਲੀ ਦਲ ਇਸ ਮੁੱਦੇ 'ਤੇ ਹੁਣ ਬੇਸੁਰਾ ਢੋਲ ਵਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਇਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।
"ਕੁਰਬਾਨੀ ਨਹੀਂ ਮਜ਼ਬੂਰੀ ਹੈ"
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਮਜ਼ਬੂਰੀ ਕਾਰਨ ਅਕਾਲੀ ਦਲ ਨੂੰ ਵਜ਼ਾਰਤ ਛੱਡਣੀ ਪਈ ਹੈ ਕਿਉਂਕਿ ਕਿਸਾਨਾਂ ਵੱਲੋਂ ਆਰਡੀਨੈਂਸ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਸਾਂਸਦਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੀ ਚਿਤਾਵਨੀ ਦਿੱਤੀ ਗਈ ਸੀ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਤੋੜਨਾ ਹੀ ਪਵੇਗਾ ਕਿਉਂਕਿ ਕੌਮੀ ਜਮਹੂਰੀ ਗਠਜੋੜ ਵਿੱਚ ਅਕਾਲੀ ਦਲ ਦੀ ਕੋਈ ਬੁੱਕਤ ਨਹੀਂ ਰਹੀ ਹੈ।
"ਕਿਸਾਨਾਂ ਲਈ ਹੈ ਕੁਰਬਾਨੀ"
ਅਕਾਲੀ ਦਲ ਬੀਬਾ ਬਾਦਲ ਦੇ ਅਸਤੀਫ਼ੇ ਨੂੰ ਇੱਕ ਕੁਰਬਾਨੀ ਵਜੋਂ ਪੇਸ਼ ਕਰ ਰਿਹਾ ਹੈ। ਇਸ ਬਾਬਤ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਵਿੱਚ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਅਕਾਲੀ ਦਲ ਕਾਰਨ ਦੇਸ਼ ਪੱਧਰ 'ਤੇ ਉਭਰਿਆ ਹੈ ਅਤੇ ਅਕਾਲੀ ਦਲ ਕਿਸਾਨਾਂ ਦੇ ਨਾਲ ਖੜ੍ਹਾ ਹੈ।
ਭਾਜਪਾ ਨੇ ਸੱਦੀ ਕੋਰ ਕਮੇਟੀ ਦੀ ਬੈਠਕ
ਕਿਸਾਨਾਂ ਦੇ ਮੁੱਦੇ 'ਤੇ ਅਕਾਲੀ ਦਲ ਨੇ ਐਨਡੀਏ ਤੋਂ ਵੱਖਰਾ ਰਾਗ ਅਲਾਪਿਆ ਹੈ। ਅਕਾਲੀ ਦਲ ਦੇ ਸੁਰ ਬਦਲਣ ਤੋਂ ਬਾਅਦ ਸੂਬੇ 'ਚ ਸਿਆਸੀ ਅਧਾਰ ਲੱਭ ਰਹੀ ਭਾਜਪਾ ਨੇ ਵੀ ਬਦਲੇ ਸਿਆਸੀ ਸਮੀਕਰਨਾਂ ਤੋਂ ਕੋਰ ਗਰੁੱਪ ਦੀ ਬੈਠਕ ਬੁਲਾਈ ਹੈ।
ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਅਕਾਲੀ ਦਲ ਨਾਲ ਗੱਠਜੋੜ ਹੈ। ਬੀਬੀ ਬਾਦਲ ਦੇ ਅਸਤੀਫ਼ੇ ਬਾਰੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਪਾਰਟੀ ਵਿੱਚ ਕੋਈ ਵੀ ਫੈਸਲਾ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਪੰਜਾਬ ਕਿਸਾਨ ਆਗੂਆਂ ਨਾਲ ਬੈਠਕਾਂ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਹਨ।
ਇਨ੍ਹਾਂ ਆਰਡੀਨੈਂਸਾਂ ਵਿਰੁੱਧ ਲਗਦਾ ਹੈ ਕਿ ਪੰਜਾਬੀ ਕਿਸਾਨ ਆਰ-ਪਾਰ ਦੀ ਲੜਾਈ ਦਾ ਮਨ ਬਣਾ ਚੁੱਕਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸਿਆਸਤ 'ਚ ਨਹੁੰ-ਮਾਸ ਦਾ ਰਿਸ਼ਤਾ ਅਖਵਾਉਣ ਵਾਲੇ ਅਕਾਲੀ-ਭਾਜਪਾ ਦੇ ਗਠਜੋੜ ਦੀ ਡੋਰ ਕਿੰਨਾ ਚਿਰ ਜੁੜੀ ਰਹਿੰਦੀ ਹੈ।