ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲੋਂ ਗਠਜੋੜ ਤੋੜਨ ਦੇ ਕੀਤੇ ਐਲਾਨ 'ਤੇ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਇਹ ਫੈਸਲਾ ਕਿਸਾਨਾਂ ਦੇ ਗੁੱਸੇ ਤੋਂ ਡਰ ਕੇ ਕਰਨਾ ਪਿਆ ਹੈ ਪਰ ਨਾਲ ਹੀ ਅਕਾਲੀ ਆਗੂਆਂ ਨੂੰ ਪ੍ਰਧਾਨ ਮੰਤਰੀ ਦੇ ਕੋਪ ਦਾ ਭੈਅ ਵੀ ਸਤਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਾਲਤ ਤਾਂ ਚੱਕੀ ਦੇ 2 ਪੁੜਾਂ ਵਿਚਕਾਰ ਫਸੇ ਹੋਣ ਵਰਗੀ ਹੋ ਗਈ ਹੈ ਪਰ ਉਨ੍ਹਾਂ ਨੇ ਐਨਡੀਏ ਛੱਡ ਕੇ ਇਕ ਸੰਤੁਲਣ ਬਣਾਉਣ ਦੀ ਕੋਸ਼ਿਸ ਕੀਤੀ ਹੈ।
ਇੱਥੋਂ ਜਾਰੀ ਬਿਆਨ ਵਿੱਚ ਜਾਖੜ ਨੇ ਕਿਹਾ ਕਿ ਅਕਾਲੀ ਹਾਲੇ ਵੀ ਭਾਜਪਾ ਨਾਲੋਂ ਸਬੰਧ ਨਹੀਂ ਸੀ ਤੋੜਨਾ ਚਾਹੁੰਦੇ ਅਤੇ ਇਸੇ ਤਰਾਂ ਭਾਜਪਾ ਨਾਲ ਚਿਪਕੇ ਰਹਿਣਾ ਚਾਹੁੰਦੇ ਸਨ। ਉਨਾਂ ਨੇ ਭਾਜਪਾ ਵੱਲੋਂ ਵਜਾਰਤ ਵਿਚੋਂ ਬਾਹਰ ਦਾ ਰਾਸਤਾ ਵਿਖਾ ਦਿੱਤੇ ਜਾਣ ਤੋਂ ਬਾਅਦ ਵੀ ਅਕਾਲੀ ਦਲ ਨੇ ਐਨਡੀਏ ਤੋਂ ਅੱਡ ਹੋਣ ਦਾ ਐਲਾਨ ਨਹੀਂ ਕੀਤਾ ਸੀ। ਇੱਥੋਂ ਤੱਕ ਕਿ ਸਾਬਕਾ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਤਾਂ ਹਾਲੇ ਵੀ ਕਿਹ ਰਹੇ ਸਨ ਕਿ ਉਹ ਇੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ ਨਹੀਂ ਮੰਨਦੇ ਬਲਕਿ ਕਿਸਾਨ ਇੰਨ੍ਹਾਂ ਕਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਤਾਂ ਹਾਲੇ ਵੀ ਭਾਜਪਾ ਤੋਂ ਮੁੜ ਵਾਪਸੀ ਦੇ ਸੁਨੇਹੇ ਦੀ ਆਸ ਲਗਾਈ ਬੈਠੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਕੀ ਕੋਈ ਹੋਰ ਸੀਨਿਅਰ ਭਾਜਪਾ ਆਗੂ ਵੀ ਇੰਨ੍ਹਾਂ ਨੂੰ ਮਿਲਣ ਲਈ ਤਿਆਰ ਨਹੀਂ ਹੋਇਆ ਅਤੇ ਮਿਲਣ ਲਈ ਸਮਾਂ ਮੰਗਣ ਦੀ ਅਪੀਲ 'ਤੇ ਵੀ ਕਿਸੇ ਨੇ ਹੁੰਘਾਰਾ ਨਹੀਂ ਭਰਿਆ।
ਜਾਖੜ ਨੇ ਕਿਹਾ ਕਿ ਭਾਜਪਾ ਵੱਲੋਂ ਇਕ ਸਪੱਸ਼ਟ ਸੰਕੇਤ ਸੀ ਕਿ ਉਹ ਹੁਣ ਅਕਾਲੀ ਦਲ ਨਾਲ ਕੋਈ ਰਿਸਤਾ ਨਹੀਂ ਰੱਖਣਾ ਚਾਹੁੰਦੇ ਅਤੇ ਉਹ ਅਕਾਲੀ ਦਲ ਦੇ ਵਜਾਰਤ ਤੋਂ ਅੱਡ ਹੋ ਕੇ ਗਠਜੋੜ ਵਿੱਚ ਬਣੇ ਰਹਿਣ ਦੇ ਢਕਵੰਜ ਨੂੰ ਵੀ ਬਰਦਾਸਤ ਕਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਉਹ ਗਠਬੰਧਨ ਤੋੜਨ ਦਾ ਪਾਪ ਆਪਣੇ ਸਿਰ 'ਤੇ ਨਹੀਂ ਲੈਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਰੁੱਖੇ ਅਤੇ ਅਪਮਾਨਿਤ ਕਰਨ ਵਾਲੇ ਵਿਹਾਰ ਨੇ ਅਕਾਲੀ ਦਲ ਕੋਲ ਕੋਈ ਹੋਰ ਰਾਹ ਨਹੀਂ ਛੱਡਿਆ ਸੀ।