ਚੰਡੀਗੜ੍ਹ: ਯੂਕਰੇਨ ਅਤੇ ਰੂਸ ਵਿੱਚ ਛਿੜੀ ਜੰਗ ਦੌਰਾਨ ਉਥੇ ਫਸੇ ਭਾਰਤੀਆਂ ਬਾਰੇ ਜਾਣਕਾਰੀ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿੱਥੇ ਪੂਰੇ ਭਾਰਤ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ ਅਤੇ ਦੋ ਵਟਸਐਪ ਨੰਬਰ ਅਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਕਈ ਵਿਦਿਆਰਥੀ ਲੜਕੇ-ਲੜਕੀਆਂ ਅਤੇ ਹੋਰ ਲੋਕ ਸਿੱਖਿਆ ਅਤੇ ਰੁਜ਼ਗਾਰ ਲਈ ਯੂਕਰੇਨ ਗਏ ਹੋਏ ਹਨ, ਜੋ ਉਪਰੋਕਤ ਦੋਵਾਂ ਦੇਸ਼ਾਂ ਵਿਚਾਲੇ ਛਿੜੀ ਜੰਗ ਕਾਰਨ ਉੱਥੇ ਫਸ ਗਏ ਹਨI ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਉਥੋਂ ਵਾਪਸ ਭਾਰਤ ਲਿਆਉਣ ਲਈ ਬਹੁਤ ਚਿੰਤਤ ਹਨ।
ਪੰਜਾਬ ਦੇ ਲੋਕਾਂ ਦੀ ਇਸ ਚਿੰਤਾ ਦੇ ਮੱਦੇਨਜ਼ਰ ਰਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪੰਜ ਮੈਂਬਰੀ ਟੀਮ ਬਣਾ ਕੇ ਤਿੰਨ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਪੰਜ ਮੈਂਬਰੀ ਟੀਮ ‘ਚ ਅਨਿਲ ਸੱਚਰ, ਅਸ਼ਵਿਨ ਜੌਹਰ, ਅਵਿਨਾਸ਼ ਚੰਦਰ, ਦਮਨ ਬਾਜਵਾ ਅਤੇ ਗੁਰਦੀਪ ਸਿੰਘ ਗੋਸ਼ਾ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਵਟਸਐਪ ਨੰਬਰ 95177-75202 ਅਤੇ 95177-75203 ਅਤੇ ਕਾਲ ਕਰਨ ਲਈ 95177-75204 ਨੰਬਰ 24 ਘੰਟੇ ਤੇ (ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ) ਜਾਰੀ ਕੀਤੇ ਗਏ ਹਨ।
ਜੀਵਨ ਗੁਪਤਾ ਨੇ ਦੱਸਿਆ ਕਿ ਯੂਕਰੇਨ ਅਤੇ ਰੂਸ ਵਿੱਚ ਫਸੇ ਵਿਅਕਤੀ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਪਰੋਕਤ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਜਾਂ ਵਟਸਐਪ ਰਾਹੀਂ ਫਸੇ ਵਿਅਕਤੀ ਬਾਰੇ ਜਾਣਕਾਰੀ ਦੇ ਸਕਦੇ ਹਨ। ਫਸੇ ਪੰਜਾਬੀਆਂ ਦੀ ਜਾਣਕਾਰੀ ਸਾਡੀ ਟੀਮ ਦੇ ਮੈਂਬਰਾਂ ਵੱਲੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ ਇੱਕ ਉਦੇਸ਼ ਸੇਵਾ ਅਤੇ ਸਮਰਪਣ ਰਿਹਾ ਹੈ ਅਤੇ ਇਸ ਤਹਿਤ ਭਾਜਪਾ ਸੇਵਾ ਕਾਰਜਾਂ ਲਈ ਤਤਪਰ ਰਹਿੰਦੀ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਜਹਾਜ਼ 250 ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਰਵਾਨਾ, ਰਾਤ ਤੱਕ ਪਹੁੰਚੇਗਾ ਮੁੰਬਈ