ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦਾ ਮਿਸ਼ਨ ਪੰਜਾਬ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹਨ। ਮੋਦੀ 8 ਅਤੇ 9 ਫ਼ਰਵਰੀ ਨੂੰ ਵਰਚੁਅਲ ਰੈਲੀਆਂ ਕਰਨਗੇ। 11 ਫ਼ਰਵਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ 20 ਫ਼ਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਪੰਜਾਬ ਦੇ ਦੌਰੇ 'ਤੇ ਹੋਣਗੇ।
ਦੱਸ ਦੇਈਏ ਕਿ ਇਨ੍ਹਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ, ਪੀਯੂਸ਼ ਗੋਇਲ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਜਨਰਲ ਵੀਕੇ ਸਿੰਘ, ਹੇਮਾ ਮਾਲਿਨੀ, ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਅਤੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਵੀ ਪੰਜਾਬ ਵਿੱਚ ਰੈਲੀਆਂ ਕਰਨਗੇ।
ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਸੀਟਾਂ ਨੂੰ ਕਰਨਗੇ ਸੰਬੋਧਨ
ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੀ ਵਰਚੁਅਲ ਰੈਲੀ ਵਿੱਚ ਉਹ ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਸੀਟਾਂ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਹਰ ਵਿਧਾਨ ਸਭਾ ਸੀਟ 'ਤੇ 5 ਸਕਰੀਨਾਂ ਲਗਾਈਆਂ ਜਾਣਗੀਆਂ। ਕੱਲ੍ਹ ਯਾਨੀ ਕਿ 9 ਫ਼ਰਵਰੀ ਨੂੰ ਉਹ ਜਲੰਧਰ, ਕਪੂਰਥਲਾ ਅਤੇ ਬਠਿੰਡਾ ਦੀਆਂ ਲੋਕ ਸਭਾ ਸੀਟਾਂ ਨੂੰ ਕਵਰ ਕਰਨਗੇ।
ਭਾਜਪਾ ਦੀ ਰਣਨੀਤੀ ਮੁਤਾਬਕ ਬਠਿੰਡਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇਪੀ ਨੱਡਾ ਦੀਆਂ ਰੈਲੀਆਂ ਹੋਣਗੀਆਂ। ਜੇਕਰ 11 ਫ਼ਰਵਰੀ ਤੋਂ ਬਾਅਦ ਸਿਆਸੀ ਰੈਲੀਆਂ 'ਤੇ ਪਾਬੰਦੀ ਹਟਾਈ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਪੰਜਾਬ ਆ ਕੇ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਸ਼ਹਿਰੀ ਸੀਟਾਂ ਹਨ, ਜਿਨ੍ਹਾਂ 'ਤੇ ਭਾਜਪਾ ਧਿਆਨ ਕੇਂਦਰਿਤ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਰਾਜਨੀਤੀ ਚ ਆਉਣ ਵਾਲਾ ਹੈ ਭੂਚਾਲ! ਚੰਨੀ ਦੇ ਭਾਣਜੇ ਨੇ ਗੁਨਾਹ ਕੀਤੇ ਕਬੂਲ
ਜ਼ਿਕਰਯੋਗ ਹੈ ਕਿ ਪੀਐਮ ਮੋਦੀ 5 ਜਨਵਰੀ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਬਿਗਲ ਵਜਾਉਣ ਆਏ ਸਨ। ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਰੈਲੀ ਕਰਨੀ ਸੀ। ਹਾਲਾਂਕਿ ਰਸਤੇ 'ਚ ਹਾਈਵੇਅ ਜਾਮ ਹੋਣ ਕਾਰਨ ਉਨ੍ਹਾਂ ਦਾ ਕਾਫ਼ਲਾ ਪਿਆਰੇਆਣਾ ਫਲਾਈਓਵਰ 'ਤੇ ਹੀ ਫਸ ਗਿਆ। ਜਿੱਥੇ ਉਹ ਕਰੀਬ 20 ਮਿੰਟ ਖੜ੍ਹੇ ਰਹਿਣ ਤੋਂ ਬਾਅਦ ਵਾਪਸ ਆ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ 'ਚ ਕੁਤਾਹੀ ਦਾ ਮੁੱਦਾ ਉੱਠਿਆ। ਸੁਪਰੀਮ ਕੋਰਟ ਦੀ ਸੇਵਾਮੁਕਤ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਹੇਠ ਬਣੀ ਕਮੇਟੀ ਫਿਲਹਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਮਹਾਂਰਾਸ਼ਟਰ ਕਾਰਨ ਪੰਜਾਬ, ਯੂਪੀ, ਉਤਰਾਖੰਡ 'ਚ ਕੋਰੋਨਾ ਜ਼ਿਆਦਾ ਫੈਲਿਆ: ਨਰਿੰਦਰ ਮੋਦੀ