ਜਲੰਧਰ: ਭਾਜਪਾ ਆਗੂ ਲਾਗਾਤਾਰ ਕਿਸਾਨਾਂ ਪ੍ਰਤੀ ਬਿਆਨ ਦੇਕੇ ਚਰਚਾ ਚ ਆ ਰਹੇ ਨੇ, ਬੀਜੇਪੀ ਦੇ ਨਵ-ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ (Advocate Harinder Singh Kahlon) ਨੇ ਪਾਰਟੀ ਲਈ ਨਵੀਂ ਮੁਸੀਬਤ ਛੇੜ ਦਿੱਤੀ ਹੈ। ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ ਕਿਸਾਨਾਂ ਨੂੰ ਡਾਂਗਾਂ ਮਾਰ-ਮਾਰ ਕੇ ਭਜਾਉਣ ਦਾ ਬਿਆਨ ਦੇ ਕੇ ਮਾਹੌਲ ਭਖਾ ਦਿੱਤਾ ਹੈ। ਇੱਕ ਪਾਸੇ ਕਿਸਾਨ ਜਥੰਬਦੀਆਂ (Farmer groups) ਨੇ ਕਾਹਲੋਂ ਦੇ ਬਿਆਨ ਦੀ ਅਲੋਚਨਾ ਕੀਤੀ ਹੈ, ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਹੀ ਬੀਜੇਪੀ ਲੀਡਰਾਂ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ।
ਦਰਅਸਲ ਹਰਿੰਦਰ ਸਿੰਘ ਕਾਹਲੋਂ ਦੇ ਸਵਾਗਤ ਲਈ ਜਲੰਧਰ ਦੇ ਸ਼ੀਤਲਾ ਮੰਦਰ ਵਿਚਲੇ ਪਾਰਟੀ ਦਫ਼ਤਰ ’ਚ ਸਮਾਗਮ ਰੱਖਿਆ ਹੋਇਆ ਸੀ। ਇਸ ਨੂੰ ਸੰਬੋਧਨ ਕਰਦਿਆਂ ਸੂਬਾਈ ਬੁਲਾਰੇ ਕਾਹਲੋਂ ਨੇ ਕਿਹਾ ਸੀ ‘‘ਇਹ ਤਾਂ ਮੋਦੀ ਸਾਹਬ ਬੈਠੇ ਨੇ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਨੇ, ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਈਂ ਮਾਰ-ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹਾਲ ਹੁਣ ਏਹੀ ਕਰਨਾ ਪੈਣਾ।’’
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਅਜਿਹੇ ਤਿੱਖੇ ਬਿਆਨ ਦਿੱਤੇ ਜਾਂਦੇ ਸੀ ਜਿਸਤੋਂ ਬਾਅਦ ਕਿਸਾਨਾਂ ਦਾ ਪਾਰਾ ਸੱਤਵੇਂ ਅਸਮਾਨ 'ਤੇ ਪਹੁੰਚ ਜਾਂਦਾ ਹੈ, ਕੁੱਝ ਦਿਨ ਪਹਿਲਾਂ ਕਰਨਾਲ ਦੇ ਐੱਸਡੀਐੱਮ ਨੇ ਕਿਸਾਨਾਂ ਦੇ ਸਿਰ ਭੰਨਣ’ ਦਾ ਆਦੇਸ਼ ਦੇਣ ਵਾਲਾ ਬਿਆਨ ਦਿੱਤਾ ਸੀ ਜਿਸਦੀ ਵੀਡੀਓ ਵੀ ਵਾਈਰਲ ਹੋਈ ਸੀ ਜਿਸਤੋਂ ਬਾਅਦ ਕਿਸਾਨਾਂ ਨੇ ਕਰਨਾਲ ਚ ਇਕੱਠੇ ਹੋਕੇ ਉਸ ਅਫਸਰ ਖਿਲਾਫ ਮੋਰਚਾ ਖੋਲ ਦਿੱਤਾ ਸੀ।
ਕਿਸਾਨ ਲਾਗਾਤਾਰ ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈਕੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਨੇ ਪਰ ਕਿਸਾਨਾਂ ਅਤੇ ਕੇਂਦਰ ਵਿਚਾਲੇ ਗੱਲਬਾਤ ਦਾ ਰਾਹ ਪੱਧਰਾਂ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤਾਂ ਲਈ ਹਨ ਇਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ।
ਇਹ ਵੀ ਪੜ੍ਹੋ: ਪਟਿਆਲਾ ਹਾਊਸ ਕੋਰਟ ਨੇ ਛੇ 'ਚੋਂ ਚਾਰ ਸ਼ੱਕੀ ਅੱਤਵਾਦੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ