ਚੰਡੀਗੜ੍ਹ:ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Gurnam Singh Chaduni ) ਦੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Punjab Assembly Elections) ਲੜਨ ਨੂੰ ਲੈਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ‘ਚ ਚੋਣਾਂ ਨੂੰ ਲੜਨ ਨੂੰ ਲੈਕੇ ਯੂ ਟਰਨ ਲੈ ਲਿਆ ਹੈ। ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਚੜੂਨੀ ਪੰਜਾਬ ਵਿੱਚ ਚੋਣਾਂ ਲੜਨ ਨੂੰ ਲੈਕੇ ਪਿੱਛੇ ਹਟ ਗਏ ਹਨ ਯਾਨੀ ਕਿ ਉਹ ਚੋਣਾਂ ਨਹੀਂ ਲੜਨਗੇ।
ਚੋਣਾਂ ਲੜਨ ਨੂੰ ਲੈਕੇ ਚੜੂਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਵਿੱਚ ਕੋਈ ਚੋਣਾਂ ਨਹੀਂ ਲੜ ਰਹੇ ਅਤੇ ਨਾ ਹੀ ਕੋਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੈ। ਚੜੂਨੀ ਦਾ ਕਹਿਣੈ ਕਿ ਅਜਿਹੀ ਕਿਸੇ ਵੱਲੋਂ ਅਫਵਾਹ ਫੈਲਾਈ ਗਈ ਹੈ ਕਿ ਉਹ ਚੋਣਾਂ ਲੜਨ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਕਿਸੇ ਵੀ ਪਾਰਟੀ ਦਾ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ:ਸੂਬੇ ‘ਚ ਚੋਣਾਂ ਅਤੇ ਸਿੱਧੂ ਨੂੰ ਲੈਕੇ ਗੁਰਨਾਮ ਚੜੂਨੀ ਦਾ ਵੱਡਾ ਬਿਆਨ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੜੂਨੀ ਲਗਾਤਾਰ ਪੰਜਾਬ ਵਿੱਚ ਆ ਕੇ ਵੱਖ-ਵੱਖ ਤਰ੍ਹਾਂ ਦੇ ਵਰਗਾਂ ਨਾਲ ਮੀਟਿੰਗ ਕਰ ਰਹੇ ਸਨ। ਉਹ ਇੰਨ੍ਹਾਂ ਮੀਟਿੰਗਾਂ ਦੇ ਵਿੱਚ ਆ ਕੇ ਸੂਬੇ ਦੇ ਵਿੱਚ ਚੋਣਾਂ ਲੜਨ ਨੂੰ ਲੈਕੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਵੀ ਬਣਾ ਰਹੇ ਸਨ। ਚੜੂਨੀ ਦੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਮਸਲੇ ਨੂੰ ਲੈਕੇ ਕਿਸਾਨ ਮੋਰਚੇ ਵੱਲੋਂ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਚੜੂਨੀ ਸੰਯੁਕਤ ਕਿਸਾਨ ਮੋਰਚੇ ਤੋਂ ਲਗਾਤਾਰ ਵੱਖ ਆਪਣੀ ਰਾਇ ਰੱਖ ਰਹੇ ਸਨ ਤੇ ਕਹਿ ਰਹੇ ਸਨ ਕਿ ਵਿਚਾਰਧਰਾਵਾਂ ਦਾ ਵਖਰੇਵਾਂ ਹੋ ਸਕਦਾ ਹੈ ਪਰ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹਨ।
ਇਹ ਵੀ ਪੜ੍ਹੋ:ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ