ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਲੋਕਲ ਬਾਡੀ ਚੋਣਾਂ ਦੀ ਤਾਰੀਕ 11 ਅਕਤੂਬਰ ਦੇ ਨੇੜੇ ਕਰਵਾਉਣ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਸਿਆਸਤ ਇੱਕ ਵਾਰ ਮੁੜ ਤੋਂ ਤੇਜ਼ ਹੋ ਗਈ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਲੋਕਲ ਬਾਡੀ ਚੋਣਾਂ ਦੀ ਜ਼ਿਆਦਾ ਟੈਨਸ਼ਨ ਲੈ ਰਹੇ ਨੇ ਉਨ੍ਹਾਂ ਨੂੰ ਪੰਜਾਬ ਦੇ ਪੌਣੇ ਤਿੰਨ ਕਰੋੜ ਜਨਤਾ ਦੀ ਕੋਈ ਚਿੰਤਾ ਨਹੀਂ ਹੈ। ਇਸੇ ਕਰਕੇ ਅਕਤੂਬਰ ਦੇ ਵਿੱਚ ਲੋਕਲ ਬਾਡੀ ਇਲੈਕਸ਼ਨ ਐਲਾਨ ਦਿੱਤੇ ਹਨ। ਮਾਨ ਨੇ ਕਿਹਾ ਕਿ ਇਸ ਵੇਲੇ ਚੋਣਾਂ ਲੜਨ ਨਾਲੋਂ ਕੋਰੋਨਾ ਨਾਲ ਲੜਨਾ ਜ਼ਿਆਦਾ ਜ਼ਰੂਰੀ ਹੈ।
ਮਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਕਿਹਾ ਹੈ ਸਤੰਬਰ-ਅਕਤੂਬਰ ਦੌਰਾਨ ਪੰਜਾਬ ਵਿੱਚ ਕੋਰੋਨਾ ਆਪਣੇ ਸਿਖ਼ਰ 'ਤੇ ਹੋਵੇਗਾ ਤਾਂ ਇਸ ਦੌਰਾਨ ਪੰਜਾਬ ਵਿੱਚ ਵੋਟਾਂ ਕਿਵੇਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਨੇ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਚੋਣਾਂ ਦੀ ਫ਼ਿਕਰ ਪ੍ਰਧਾਨ ਮੰਤਰੀ ਨੂੰ ਹੈ ਦੇਸ਼ ਦੀ ਜਨਤਾ ਦੀ ਨਹੀਂ ਉਸੇ ਤਰ੍ਹਾਂ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਾ ਦੀ ਚਿੰਤਾ ਨਹੀਂ ਹੈ।