ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਉਲਝ ਗਏ ਤੇ ਸਵਾਲਾਂ ਤੋਂ ਬਚਦੇ ਹੋਏ ਉੱਥੋਂ ਨਿਕਲ ਗਏ। ਦਰਅਸਲ, ਇੱਕ ਪੱਤਰਕਾਰ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ ਤੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸੂਬਾ ਸਰਕਾਰ ਵਿਰੁੱਧ ਧਰਨੇ ਲਗਾ ਵਿਰੋਧੀ ਧਿਰ ਦੀ ਭੂਮੀਕਾ ਨਿਭਾ ਰਹੀ ਹੈ।
ਸੁਖਬੀਰ ਬਾਦਲ ਦਾ ਨਾਂਅ ਸੁਣਦਿਆਂ ਹੀ ਮਾਨ ਭੜਕ ਗਏ ਤੇ ਪੱਤਰਕਾਰ ਨੂੰ ਖੜ੍ਹੇ ਹੋ ਕੇ ਧਮਕਾਉਣ ਦੇ ਲਿਹਾਜ਼ ਵਿੱਚ ਕਹਿ ਦਿੱਤਾ ਕਿ ਸਾਰੇ ਸਵਾਲਾਂ ਦਾ ਠੇਕਾ ਤੂੰ ਹੀ ਲੈ ਲਿਆ ਹੈ। ਕੋਈ ਹੋਰ ਸਵਾਲ ਨਹੀਂ ਕਰ ਸਕਦੇ। ਮਾਨ ਨੇ ਕਿਹਾ ਕਿ ਮੈਂ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ। ਮਾਨ ਨੇ ਕਿਹਾ ਕਿ ਧਰਨੇ ਲਾਉਣ ਨਾਲ ਕੋਈ ਵਿਰੋਧੀ ਧਿਰ ਨਹੀਂ ਬਣ ਜਾਂਦਾ, ਸਰਕਾਰ ਤੋਂ ਸਵਾਲ ਕਰਨ ਨਾਲ ਬਣਦਾ ਹੈ।